ਵਿਦਿਆਰਥੀਆਂ ਦਾ ‘ਇਕੋਲੋਜੀ ਵਾਚ’ ਵਿੱਦਿਅਕ ਦੌਰਾ ਕਰਵਾਇਆ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀਟੀ ਰੋਡ ਵੱਲੋਂ ਬੀਏ, ਬੀਐੱਸਸੀ, ਬੀਐਡ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਲਈ ‘ਇਕੋਲੋਜੀ ਵਾਚ’ ਵਿਸ਼ੇ ’ਤੇ
Publish Date: Thu, 30 Apr 2026 04:11 PM (IST)
Updated Date: Thu, 30 Apr 2026 04:13 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀਟੀ ਰੋਡ ਵੱਲੋਂ ਬੀਏ, ਬੀਐੱਸਸੀ, ਬੀਐਡ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਲਈ ‘ਇਕੋਲੋਜੀ ਵਾਚ’ ਵਿਸ਼ੇ ’ਤੇ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਫ਼ੇਰੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਸੰਤੁਲਨ, ਜਾਨਵਰਾਂ ਦੀ ਸਿਹਤ ਅਤੇ ਜਨਤਕ ਸਿਹਤ ਦੀ ਰੱਖਿਆ ’ਚ ਵੈਟਰਨਰੀ ਸਾਇੰਸ ਦੀ ਭੂਮਿਕਾ ਬਾਰੇ ਚਾਨਣਾ ਪਾਉਣਾ ਸੀ। ਇਸ ਸਬੰਧੀ ਵਾਤਾਵਰਣ ਅਧਾਰਿਤ ਸੈਸ਼ਨ ਦੇ ਉਦਘਾਟਨੀ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਵਾਤਾਵਰਣ, ਪਸ਼ੂ ਜਗਤ ਅਤੇ ਮਨੁੱਖ ਦਰਮਿਆਨ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਥਾਈ ਵਿਕਾਸ ਅਤੇ ਸਿਹਤਮੰਦ ਜੀਵਨ ਸੰਭਵ ਹੋ ਸਕੇ। ਇਸ ਮੌਕੇ ਵੀਏ ਐੱਚਈਈ ਵਿਭਾਗ ਮੁੱਖੀ ਡਾ. ਐਸਕੇ ਕਾਂਸਲ ਨੇ ਕਿਹਾ ਕਿ ਅਧਿਆਪਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਅਤੇ ਉਸਦੇ ਰੋਜ਼ਾਨਾ ਜੀਵਨ ’ਤੇ ਪੈਣ ਵਾਲੇ ਅਸਰਾਂ ਸਬੰਧੀ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਡਾ. ਵਰਮਾ ਨੇ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੀ ਵੱਧਦੀ ਮੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦੀ ਪੂਰਤੀ ਲਈ ਜਾਨਵਰਾਂ, ਕੁਦਰਤ, ਪਾਣੀ, ਹਵਾ ਅਤੇ ਪੌਦਿਆਂ ਦੀ ਸੰਭਾਲ ਕਰਨੀ ਬਹੁਤ ਹੀ ਅਹਿਮ ਹੈ। ਡਾ. ਵਰਮਾ ਨੇ ਕਿਹਾ ਕਿ ਉਕਤ ਫੇਰੀ ਦੌਰਾਨ ਕਾਲਜ ਫੈਕਲਟੀ ਵੱਲੋਂ ਐਕਸਟੈਂਸ਼ਨ ਲੈਕਚਰ ਦਿੱਤੇ ਗਏ, ਜਿਸ ਦੌਰਾਨ ਵੈਟਰਨਰੀ ਅਤੇ ਪਸ਼ੂ ਪਾਲਣ ਵਿਸਥਾਰ ਸਿੱਖਿਆ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਸਨੋਬਰ ਰਸੂਲ ਨੇ ‘ਐਂਟੀਮਾਈਕ੍ਰੋਬਾਇਲ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਵੈਟਰਨਰੀ ਐਕਸਟੈਂਸ਼ਨ ਟੂਲਸ ਦਾ ਏਕੀਕ੍ਰਿਤ: ਵਨ ਹੈਲਥ ਐਪ੍ਰੋਚ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਨੂੰ ਹੱਲ ਕਰਨ ਅਤੇ ਟਿਕਾਊ ਪਸ਼ੂ ਪਾਲਣ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵੈਟਰਨਰੀ, ਮੈਡੀਕਲ ਅਤੇ ਵਾਤਾਵਰਣ ਖੇਤਰਾਂ ’ਚ ਤਾਲਮੇਲ ਵਾਲੇ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜਦਕਿ ਇਸੇ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਮਨਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ੂਨੋਟਿਕ ਬਿਮਾਰੀਆਂ ਦੇ ਸੰਕਲਪ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਇਸ ਦੀ ਫੈਲਾਵਟ ਦੇ ਤਰੀਕੇ, ਰੋਕਥਾਮ ਅਤੇ ਜਾਗਰੂਕਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਇੰਟਰਐਕਟਿਵ ਸਾਬਤ ਹੋਇਆ। ਇਸ ਨਾਲ ਦੋਵੇਂ ਅਦਾਰਿਆਂ ਦਰਮਿਆਨ ਅਕਾਦਮਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਅਤੇ ਭਵਿੱਖ ਦੇ ਅਧਿਆਪਕਾਂ ’ਚ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਅਤੇ ‘ਵਨ ਹੈਲਥ’ ਦੇ ਸਿਧਾਂਤਾਂ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ।