ਨਕਲੀ ਦੁੱਧ ਬਣਾਉਣ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ : ਬਾਵਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਆਪਣੀ ਸਿਹਤ ਪ੍ਰਤੀ ਹੋਰ ਵੀ ਜਾਗਰੂਕ ਹੋ ਰਹੇ ਹਨ, ਉੱਥੇ ਕੁਝ ਗੈਰ-ਜ਼ਿੰਮੇਵਾਰ ਤੱਤਾਂ ਵੱਲੋਂ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਤਿਆਰੀ
Publish Date: Mon, 20 Apr 2026 04:18 PM (IST)
Updated Date: Mon, 20 Apr 2026 04:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਆਪਣੀ ਸਿਹਤ ਪ੍ਰਤੀ ਹੋਰ ਵੀ ਜਾਗਰੂਕ ਹੋ ਰਹੇ ਹਨ, ਉੱਥੇ ਕੁਝ ਗੈਰ-ਜ਼ਿੰਮੇਵਾਰ ਤੱਤਾਂ ਵੱਲੋਂ ਨਕਲੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਤਿਆਰੀ ਅਤੇ ਵਿਕਰੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਇਹ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਲੋਕਾਂ ਦੀ ਜਾਨ ਨਾਲ ਖਿਲਵਾਟ ਵੀ ਹੈ। ਇਹ ਪ੍ਰਗਟਾਵਾ ਬਲਬੀਰ ਸਿੰਘ ਬਾਵਾ, ਇੰਚਾਰਜ ਵਾਰਡ ਨੰਬਰ 36 ਹਲਕਾ ਦੱਖਣੀ (ਕਾਂਗਰਸ) ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਜਿਨ੍ਹਾਂ ਨੇ ਇਸ ਗੰਭੀਰ ਮਸਲੇ ’ਤੇ ਚਿੰਤਾ ਜਤਾਈ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਕਲੀ ਦੁੱਧ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਸਮੇਂ ਦੀ ਲੋੜ ਹੈ ਕਿ ਅਜਿਹੇ ਗੈਰ-ਕਾਨੂੰਨੀ ਧੰਦਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇ। ਨਕਲੀ ਦੁੱਧ ਵਿਚ ਅਕਸਰ ਖ਼ਤਰਨਾਕ ਰਸਾਇਣਿਕ ਤੱਤ ਵਰਤੇ ਜਾਂਦੇ ਹਨ, ਜਿਵੇਂ ਕਿ ਡਿਟਰਜੈਂਟ, ਯੂਰੀਆ, ਸਟਾਰਚ ਅਤੇ ਹੋਰ ਹਾਨੀਕਾਰਕ ਪਦਾਰਥ, ਜੋ ਮਨੁੱਖੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਦੇ ਸੇਵਨ ਨਾਲ ਪੇਟ ਦੇ ਰੋਗ, ਜਿਗਰ ਦੀ ਬਿਮਾਰੀ, ਗੁਰਦੇ ਦੀ ਸਮੱਸਿਆ ਅਤੇ ਕਈ ਵਾਰ ਜਾਨਲੇਵਾ ਬੀਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ। ਬੱਚਿਆਂ ਤੇ ਬਜ਼ੁਰਗਾਂ ਲਈ ਇਹ ਹੋਰ ਵੀ ਵੱਧ ਖਤਰਨਾਕ ਹੈ। ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਕੁਝ ਲੋਕ ਵਧੇਰੇ ਮੋਟਾ ਲਾਭ ਕਮਾਉਣ ਦੀ ਲਾਲਚ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾਟ ਕਰ ਰਹੇ ਹਨ। ਇਹ ਮਨੁੱਖਤਾ ਦੇ ਖਿਲਾਫ਼ ਇੱਕ ਵੱਡਾ ਅਪਰਾਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਜਿਹੇ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਅਤੇ ਕੜੀ ਕਾਰਵਾਈ ਕੀਤੀ ਜਾਵੇ। ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਉਹ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੀ ਨਿਯਮਿਤ ਜਾਂਚ ਕਰਨ। ਖ਼ਾਸ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਦੁੱਧ ਸਪਲਾਈ ਕਰਨ ਵਾਲੀਆਂ ਥਾਵਾਂ ’ਤੇ ਨਿਗਰਾਨੀ ਵਧਾਈ ਜਾਵੇ। ਫੂਡ ਸੇਫ਼ਟੀ ਵਿਭਾਗ ਨੂੰ ਹੋਰ ਸਰਗਰਮ ਬਣਾਇਆ ਜਾਵੇ ਅਤੇ ਅਚਾਨਕ ਛਾਪੇ ਮਾਰੇ ਜਾਣ ਤਾਂ ਜੋ ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਇਸ ਦੇ ਨਾਲ ਹੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਵੀ ਬਹੁਤ ਲੋੜ ਹੈ। ਲੋਕਾਂ ਨੂੰ ਸਹੀ ਅਤੇ ਨਕਲੀ ਦੁੱਧ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਖੁਦ ਵੀ ਸਾਵਧਾਨ ਰਹਿ ਸਕਣ। ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਦੇ ਰਾਹੀਂ ਵੀ ਇਸ ਮਸਲੇ ’ਤੇ ਜਾਗਰੂਕਤਾ ਫੈਲਾਈ ਜਾ ਸਕਦੀ ਹੈ।