ਜਨਮ ਦਿਨ ’ਤੇ 11 ਬੂਟੇ ਲਗਾ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਪਣੇ ਜਨਮ ਦਿਨ ਦੇ 11ਵੇਂ ਸਾਲ ਵਿਚ ਕਦਮ ਰੱਖਦਿਆਂ ਨਿਤਯਮ ਅਰੋੜਾ ਨੇ 11 ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ।
Publish Date: Wed, 20 May 2026 04:26 PM (IST)
Updated Date: Wed, 20 May 2026 04:28 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਪਣੇ ਜਨਮ ਦਿਨ ਦੇ 11ਵੇਂ ਸਾਲ ਵਿਚ ਕਦਮ ਰੱਖਦਿਆਂ ਨਿਤਯਮ ਅਰੋੜਾ ਨੇ 11 ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਨਿਤਯਮ ਕੁਦਰਤ ਨਾਲ ਇਸ ਕਦਰ ਮੋਹ ਰੱਖਦਾ ਹੈ ਕਿ ਉਸ ਨੂੰ ਬੂਟੇ ਲਗਾਉਣਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਸਭ ਤੋਂ ਚੰਗਾ ਲੱਗਦਾ ਹੈ। ਮਜੀਠਾ ਰੋਡ ਵਾਸੀ ਦਿਵਿਆ ਅਰੋੜਾ ਅਤੇ ਕਰਨ ਅਰੋੜਾ ਦਾ ਇਕਲੋਤਾ ਬੇਟਾ ਨਿਤਯਮ ਸਪਰਿੰਗ ਡੇਲ ਸਕੂਲ ਵਿਚ ਪੰਜਵੀਂ ਕਲਾਸ ਦਾ ਵਿਦਿਆਰਥੀ ਹੈ। ਦਿਵਿਆ ਅਰੋੜਾ ਨੇ ਦੱਸਿਆ ਕਿ ਉਹ ਪ੍ਰਸਿੱਧ ਐੱਨਜੀਓ ਵਾਇਸ ਆਫ ਅੰਮ੍ਰਿਤਸਰ ਦੇ ਮੈਂਬਰ ਹਨ। ਐੱਨਜੀਓ ਵਲੋਂ ਕਰਵਾਏ ਜਾਂਦੇ ਸਮਾਜਿਕ ਕਾਰਜਾਂ ਦੇ ਪ੍ਰੋਗਰਾਮਾਂ ਵਿਚ ਅਕਸਰ ਹੀ ਉਨ੍ਹਾਂ ਦਾ ਬੇਟਾ ਵੀ ਨਾਲ ਜਾਂਦਾ ਹੈ। ਇਸੇ ਦੌਰਾਨ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਨਿਤਯਮ ਨੂੰ ਬੂਟੇ ਲਗਾਉਣਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਚੰਗਾ ਲੱਗਣ ਲੱਗਾ। ਇਸੇ ਕਾਰਨ ਨਿਤਯਮ ਦਾ ਜਾਨਵਰਾਂ, ਪਸ਼ੂ-ਪੰਛੀਆਂ ਅਤੇ ਕੁਦਰਤ ਨਾਲ ਬੇਹੱਦ ਪਿਆਰ ਬਣ ਗਿਆ। ਨਿਤਯਮ ਦੇ ਪਿਤਾ ਕਰਨ ਅਰੋੜਾ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰ ਸਾਲ ਆਪਣੇ ਜਨਮ ਦਿਨ ਵਾਲੇ ਦਿਨ ਬੂਟੇ ਲਗਾਉਂਦਾ ਵੀ ਹੈ ਅਤੇ ਆਪਣੇ ਦੋਸਤਾਂ ਨੂੰ ਵੰਡਦਾ ਵੀ ਹੈ। ਇਸ ਵਾਰ ਵੀ ਉਸ ਨੇ 50 ਤੋਂ ਵੱਧ ਬੂਟੇ ਵੰਡੇ ਸਨ। ਦਿਵਿਆ ਅਰੋੜਾ ਅਤੇ ਕਰਨ ਅਰੋੜਾ ਦੱਸਦੇ ਹਨ ਕਿ ਨਿਤਯਮ ਨੂੰ ਵੈਸੇ ਤਾਂ ਕ੍ਰਿਕਟ ਖੇਡਣਾ ਵੀ ਉਸ ਦਾ ਸ਼ੌਂਕ ਹੈ, ਪਰ ਘਰ ਦੀ ਛੱਤ ’ਤੇ ਗਮਲਿਆਂ ਵਿਚ ਲੱਗੇ ਬੂਟਿਆਂ ਨੂੰ ਪਾਣੀ ਪਾਉਣਾ, ਨਵੇਂ ਬੂਟੇ ਲਗਾਉਣਾ ਅਤੇ ਪੰਛੀਆਂ ਲਈ ਦਾਣਾ ਪਾਣੀ ਰੱਖਦਾ ਹੈ। ਉਸ ਨੂੰ ਕ੍ਰਿਕਟ ਦਾ ਵੀ ਬਹੁਤ ਸ਼ੌਂਕ ਹੈ। ਉਹ ਕ੍ਰਿਕਟ ਦੀ ਸਿਖਲਾਈ ਲੈ ਰਿਹਾ ਹੈ ਅਤੇ ਇਕ ਵਧੀਆ ਬੈਟਸਮੈਨ ਵਜੋਂ ਉਭਰ ਰਿਹਾ ਹੈ। ਉਸ ਦੇ ਸਕੂਲ ਅਧਿਆਪਕ ਵੀ ਉਸ ਨੂੰ ਉਜਵਲ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਿਆਂ ਹੋਰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਹ ਪੜ੍ਹਾਈ ਵਿਚ ਵੀ ਮੋਹਰੀ ਰਹਿੰਦਾ ਹੈ। ਬਾਕਸ ਬੂਟਿਆਂ ਨੂੰ ਬਣਾਓ ਦੋਸਤ ਕਰਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਬੇਟਾ ਛੋਟੀ ਉਮਰ ਤੋਂ ਹੀ ਕੁਦਰਤ ਨਾਲ ਮੋਹ ਰੱਖਦਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਇਸ ਲਈ ਸਾਨੂੰ ਹੁਣ ਤੋਂ ਹੀ ਵਾਤਾਵਰਨ ਸ਼ੁੱਧਤਾ ਲਈ ਸੋਚਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿਚ ਰਹਿਣ ਲਈ ਜਾਗਰੂਕ ਕੀਤਾ ਜਾਵੇ ਅਤੇ ਆਪਣੇ ਘਰਾਂ ਪਾਰਕਾਂ ਵਿਚ ਹਰੇ ਭਰੇ ਫਲਦਾਰ ਬੂਟੇ ਲਗਾਓ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਆਕਸੀਜਨ ਦੀ ਵੀ ਘਾਟ ਨਾ ਆਵੇ। ਬੂਟਿਆਂ ਨੂੰ ਆਪਣਾ ਦੋਸਤ ਬਣਾਓ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰੋ।