ਦਾਦੀ ਦੇ ਗੁਨਾਹਾਂ ਲਈ ਰਾਹੁਲ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ : ਬੀਬੀ ਕਿਰਨਜੋਤ ਕੌਰ
ਰਾਹੁਲ ਗਾਂਧੀ ਇਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਤੇ ਉਸ ਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ। ਇਸ ਲਈ ਦਾਦੀ ਦੇ ਗੁਨਾਹਾਂ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ।
Publish Date: Tue, 16 Sep 2025 10:53 PM (IST)
Updated Date: Tue, 16 Sep 2025 11:01 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਕਰਦਿਆਂ ਲਿਖਿਆ ਕਿ ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲਗਣੀ ਪਰ ਮੈਂ ਕਰਨਾ ਚਾਹੁੰਦੀ ਹਾਂ। ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕੌਮ ਨੇ ਬਖਸ਼ਿਆ ਨਹੀਂ, ਹਿਸਾਬ ਬਰਾਬਰ। ਉਸ ਦੇ ਪੋਤਰੇ ਦਾ ਕੀ ਦੋਸ਼ ਜੋ ਆਪ ਉਸ ਵਕਤ ਬੱਚਾ ਸੀ ? ਰਾਹੁਲ ਗਾਂਧੀ ਇਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਤੇ ਉਸ ਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ। ਇਸ ਲਈ ਦਾਦੀ ਦੇ ਗੁਨਾਹਾਂ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ।
ਬੀਬੀ ਕਿਰਨਜੋਤ ਕੌਰ ਦੀ ਪੋਸਟ ਤੇ ਕਈਆਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਵੀ ਆਈ ਹੈ। ਇੱਥੇ ਵੀ ਦੱਸਣਯੋਗ ਹੈ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਇਜ਼ਾ ਲੈਣ ਲਈ ਪਹੁੰਚੇ ਸਨ। ਜਿੱਥੇ ਉਹ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਜਾ ਕੇ ਨਤਮਸਤਕ ਹੋਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਜਾਨ ਮਾਲ ਦੇ ਹੋਏ ਨੁਕਸਾਨ ਅਤੇ ਸਰਬੱਤ ਦੇ ਭਲ਼ੇ ਦੀ ਅਰਦਾਸ ਵੀ ਕਰਵਾਈ।
ਇਸ ਤੋਂ ਬਾਅਦ ਉਥੇ ਮੌਜੂਦ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਸਿਰਪਾਓ ਦਿੱਤਾ । ਸਿਰਪਾਓ ਦੇਣ ਤੋਂ ਬਾਅਦ ਕਈ ਵਿਰੋਧੀਆਂ ਦੇ ਇਤਰਾਜ਼ ਵੀ ਸਾਹਮਣੇ ਆਏ ਇਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜਤਾਲ ਵੀ ਕਰਵਾਈ ਹੈ ਜੋ ਅੱਜ ਜਨਤਕ ਹੋ ਸਕਦੀ ਹੈ। ਫਿਲਹਾਲ ਬੀਬੀ ਕਿਰਨਜੋਤ ਕੌਰ ਵੱਲੋਂ ਦਿੱਤਾ ਇਹ ਬਿਆਨ ਕਈ ਤਰ੍ਹਾਂ ਦੇ ਮਾਇਨੇ ਰੱਖਦਾ ਹੈ ।