Punjab News : ਪੈਨਸ਼ਨਰਾਂ ਨੇ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ; 11 ਮਈ ਦੇ ਧਰਨੇ ਤੋਂ ਹੋਵੇਗਾ ਵੱਡਾ ਐਲਾਨ
ਨਗਰ ਨਿਗਮ ਅੰਮ੍ਰਿਤਸਰ ਦੇ ਪੈਨਸ਼ਨਰਾਂ ਵਿੱਚ ਪ੍ਰਸ਼ਾਸਨਿਕ ਬੇਰੁਖ਼ੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਕਰਮਜੀਤ ਸਿੰਘ ਕੇਪੀ ਦੀ ਪ੍ਰਧਾਨਗੀ ਹੇਠ ਹੋਈ ਪੈਨਸ਼ਨਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਜੇਕਰ ਨਿਗਮ ਕਮਿਸ਼ਨਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ, ਤਾਂ 11 ਮਈ ਨੂੰ ਨਿਗਮ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।
Publish Date: Wed, 29 Apr 2026 03:19 PM (IST)
Updated Date: Wed, 29 Apr 2026 03:20 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਨਗਰ ਨਿਗਮ ਅੰਮ੍ਰਿਤਸਰ ਦੇ ਪੈਨਸ਼ਨਰਾਂ ਵਿੱਚ ਪ੍ਰਸ਼ਾਸਨਿਕ ਬੇਰੁਖ਼ੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਕਰਮਜੀਤ ਸਿੰਘ ਕੇਪੀ ਦੀ ਪ੍ਰਧਾਨਗੀ ਹੇਠ ਹੋਈ ਪੈਨਸ਼ਨਰਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਜੇਕਰ ਨਿਗਮ ਕਮਿਸ਼ਨਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ, ਤਾਂ 11 ਮਈ ਨੂੰ ਨਿਗਮ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਲਈ ਸਮਾਂ ਨਾ ਮਿਲਣ 'ਤੇ ਰੋਸ
ਯੂਨੀਅਨ ਦੇ ਆਗੂਆਂ ਕਰਮਜੀਤ ਸਿੰਘ ਕੇਪੀ, ਬਲਜੀਤ ਸਿੰਘ ਬਾਜਵਾ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਅਪ੍ਰੈਲ 2026 ਨੂੰ ਪੱਤਰ ਰਾਹੀਂ ਨਿਗਮ ਕਮਿਸ਼ਨਰ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੈਨਸ਼ਨਰਾਂ ਨੂੰ ਅੱਖੋਂ-ਪਰੋਖੇ ਕਰਕੇ ਸਿਰਫ਼ 'ਡੰਗ ਟਪਾਇਆ' ਜਾ ਰਿਹਾ ਹੈ।
ਭ੍ਰਿਸ਼ਟਾਚਾਰ ਅਤੇ ਸੀਟਾਂ ਤੋਂ ਗਾਇਬ ਅਮਲੇ ਦੇ ਦੋਸ਼
ਪੈਨਸ਼ਨਰਜ਼ ਆਗੂਆਂ ਨੇ ਨਿਗਮ ਦੇ ਕੰਮਕਾਜ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅਮਲਾ ਸ਼ਾਖਾ ਦੇ ਕਲਰਕ ਅਕਸਰ ਆਪਣੀਆਂ ਸੀਟਾਂ ਤੋਂ ਗਾਇਬ ਰਹਿੰਦੇ ਹਨ, ਜਿਸ ਕਾਰਨ ਬਜ਼ੁਰਗ ਪੈਨਸ਼ਨਰਾਂ ਨੂੰ ਖੱਲ੍ਹ-ਖ਼ੁਆਰ ਹੋਣਾ ਪੈਂਦਾ ਹੈ। ਕੇਪੀ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੱਦਾਂ ਪਾਰ ਕਰ ਗਿਆ ਹੈ ਅਤੇ ਪੈਨਸ਼ਨਰ ਹੁਣ ਪ੍ਰਸ਼ਾਸਨ ਦੇ ਲਾਰੇ ਲੱਪੇ ਹੋਰ ਬਰਦਾਸ਼ਤ ਨਹੀਂ ਕਰਨਗੇ।
ਮੁੱਖ ਮੰਗਾਂ ਜਿਨ੍ਹਾਂ 'ਤੇ ਅੜੀ ਯੂਨੀਅਨ:
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹੇਠ ਲਿਖੀਆਂ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ:
ਲੀਵ ਇਨ-ਕੈਸ਼ਮੈਂਟ ਦੀ ਅਦਾਇਗੀ।
ਐਲ.ਟੀ.ਸੀ. (LTC) ਦਾ ਲਾਭ।
ਪੇਅ-ਕਮਿਸ਼ਨ ਦੇ ਬਕਾਏ (Arrears) ਜਾਰੀ ਕਰਨਾ।
ਮੀਟਿੰਗ ਵਿੱਚ ਦਵਿੰਦਰ ਸਿੰਘ ਪੰਡੋਰੀ, ਜਸਪਾਲ ਸਿੰਘ ਸੋਹਲ, ਬਲਕਾਰ ਸਿੰਘ ਅਤੇ ਹੋਰ ਕਈ ਅਹੁਦੇਦਾਰ ਹਾਜ਼ਰ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ 11 ਮਈ ਦਾ ਧਰਨਾ ਸਿਰਫ਼ ਸ਼ੁਰੂਆਤ ਹੋਵੇਗੀ ਅਤੇ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।