ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਟੇਕਿਆ ਮੱਥਾ; ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਹਫ਼ਤਾ ਭਰ ਚੱਲੀ ਧਾਰਮਿਕ ਯਾਤਰਾ ਦੌਰਾਨ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੀ ਭਾਵੁਕ ਅਪੀਲ ਵੀ ਕੀਤੀ।
Publish Date: Tue, 21 Apr 2026 01:35 PM (IST)
Updated Date: Tue, 21 Apr 2026 01:37 PM (IST)

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਹਫ਼ਤਾ ਭਰ ਚੱਲੀ ਧਾਰਮਿਕ ਯਾਤਰਾ ਦੌਰਾਨ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੀ ਭਾਵੁਕ ਅਪੀਲ ਵੀ ਕੀਤੀ।
ਧਾਰਮਿਕ ਅਸਥਾਨਾਂ ਦੇ ਕੀਤੇ ਦਰਸ਼ਨ
ਧਾਲੀਵਾਲ ਨੇ ਮਹਾਰਾਸ਼ਟਰ ਅਤੇ ਕਰਨਾਟਕ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ। ਉਨ੍ਹਾਂ ਨੇ ਦੱਸਿਆ ਕਿ:
ਨਾਂਦੇੜ ਸਾਹਿਬ: ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਬੰਦਾ ਘਾਟ ਸਾਹਿਬ, ਮਾਲ ਟੇਕੜੀ ਸਾਹਿਬ, ਸੰਗਤ ਸਾਹਿਬ, ਨਗੀਨਾ ਘਾਟ ਸਾਹਿਬ, ਸ਼ਿਕਾਰ ਘਾਟ ਸਾਹਿਬ, ਹੀਰਾ ਘਾਟ ਸਾਹਿਬ ਅਤੇ ਮਾਤਾ ਸਾਹਿਬ ਕੌਰ ਜੀ ਦੇ ਦਰਸ਼ਨ ਕੀਤੇ।
ਬਿਦਰ (ਕਰਨਾਟਕ): ਇੱਥੇ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਵਿਖੇ ਵੀ ਹਾਜ਼ਰੀ ਭਰੀ।
ਜਥੇਦਾਰ ਸਾਹਿਬ ਅਤੇ ਮਹਾਂਪੁਰਖਾਂ ਤੋਂ ਲਿਆ ਆਸ਼ੀਰਵਾਦ
ਆਪਣੀ ਯਾਤਰਾ ਦੌਰਾਨ ਵਿਧਾਇਕ ਧਾਲੀਵਾਲ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨੂੰ ਮਿਲ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਮਨ ਨੂੰ ਮਿਲਿਆ ਸਕੂਨ ਅਤੇ ਨਵੀਂ ਊਰਜਾ
ਧਾਲੀਵਾਲ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਅਤੇ ਇੱਕ ਨਵੀਂ ਊਰਜਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ, "ਮੈਂ ਯਾਤਰਾ ਖ਼ਤਮ ਕਰਕੇ ਵਾਪਸ ਪੰਜਾਬ ਜਾ ਰਿਹਾ ਹਾਂ, ਪਰ ਮੇਰੀ ਸਾਰੇ ਪੰਜਾਬੀਆਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਜ਼ਰੂਰ ਕਰਨ ਤਾਂ ਜੋ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜਿਆ ਜਾ ਸਕੇ।"