ਸ਼ੰਭੂ ਧਮਾਕੇ ਤੋਂ ਬਾਅਦ ਹਾਈ-ਅਲਰਟ: ਭਾਰਤ-ਪਾਕਿ ਕੌਮਾਂਤਰੀ ਰੇਲ ਮਾਰਗ 'ਤੇ ਚੱਲਿਆ ਤਲਾਸ਼ੀ ਅਭਿਆਨ, ਚੱਪੇ-ਚੱਪੇ 'ਤੇ ਤਾਇਨਾਤ ਫ਼ੋਰਸ
ਸ਼ੰਭੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਟ੍ਰੈਕ 'ਤੇ ਹੋਏ ਭਿਆਨਕ ਧਮਾਕੇ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਇਸ ਘਟਨਾ ਦੇ ਮੱਦੇਨਜ਼ਰ ਅੰਮ੍ਰਿਤਸਰ ਰੇਲਵੇ ਜੰਕਸ਼ਨ ਅਤੇ ਭਾਰਤ-ਪਾਕਿਸਤਾਨ ਕੌਮਾਂਤਰੀ ਰੇਲ ਮਾਰਗ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੀਆਰਪੀ (GRP), ਆਰਪੀਐਫ (RPF) ਅਤੇ ਸੈਬੋਟੇਜ ਵਿੰਗ ਵੱਲੋਂ ਸਾਂਝੇ ਤੌਰ 'ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
Publish Date: Tue, 28 Apr 2026 01:50 PM (IST)
Updated Date: Tue, 28 Apr 2026 01:51 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ੰਭੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਟ੍ਰੈਕ 'ਤੇ ਹੋਏ ਭਿਆਨਕ ਧਮਾਕੇ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਇਸ ਘਟਨਾ ਦੇ ਮੱਦੇਨਜ਼ਰ ਅੰਮ੍ਰਿਤਸਰ ਰੇਲਵੇ ਜੰਕਸ਼ਨ ਅਤੇ ਭਾਰਤ-ਪਾਕਿਸਤਾਨ ਕੌਮਾਂਤਰੀ ਰੇਲ ਮਾਰਗ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੀਆਰਪੀ (GRP), ਆਰਪੀਐਫ (RPF) ਅਤੇ ਸੈਬੋਟੇਜ ਵਿੰਗ ਵੱਲੋਂ ਸਾਂਝੇ ਤੌਰ 'ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਸਰਹੱਦੀ ਰੇਲ ਮਾਰਗ ਦੀ ਗੰਭੀਰਤਾ ਨਾਲ ਜਾਂਚ
ਅੰਮ੍ਰਿਤਸਰ ਤੋਂ ਅਟਾਰੀ ਹੁੰਦੇ ਹੋਏ ਲਾਹੌਰ ਨੂੰ ਜਾਣ ਵਾਲੇ ਕੌਮਾਂਤਰੀ ਰੇਲਵੇ ਮਾਰਗ 'ਤੇ ਪੁਲਿਸ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ। ਪੁਲਿਸ ਚੌਕੀ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਸੰਧੂ, ਜੈਲੂ ਸਿੰਘ ਅਤੇ ਸੈਬੋਟੇਜ ਟੀਮ ਦੇ ਇੰਚਾਰਜ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਫੋਰਸਾਂ ਨੇ ਰੇਲਵੇ ਟਰੈਕਾਂ, ਪਲੇਟਫਾਰਮਾਂ ਅਤੇ ਰੇਲਵੇ ਯਾਰਡਾਂ ਦੀ ਚੈਕਿੰਗ ਕੀਤੀ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਲਾਵਾਰਿਸ ਵਸਤੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਰੇਲਵੇ ਸਟੇਸ਼ਨ 'ਤੇ ਮੁਸ਼ਤੈਦ ਦਿਖਿਆ ਖੁਫੀਆ ਤੰਤਰ
ਧਮਾਕੇ ਤੋਂ ਬਾਅਦ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨ ਦੇ ਕੋਨੇ-ਕੋਨੇ ਨੂੰ ਖੰਗਾਲਿਆ ਗਿਆ। ਰੇਲਵੇ ਦੀਆਂ ਮੇਨ ਲਾਈਨਾਂ, ਲੂਪ ਲਾਈਨਾਂ ਅਤੇ ਵਾਸ਼ਿੰਗ ਲਾਈਨਾਂ 'ਤੇ ਵਿਸ਼ੇਸ਼ ਗਸ਼ਤ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਇਹ ਸੁਰੱਖਿਆ ਅਭਿਆਸ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ।
ਸ਼ੰਭੂ ਧਮਾਕੇ ਦਾ ਅਸਰ: ਜਾਨੀ ਤੇ ਮਾਲੀ ਨੁਕਸਾਨ
ਜ਼ਿਕਰਯੋਗ ਹੈ ਕਿ ਬੀਤੀ ਰਾਤ ਸ਼ੰਭੂ ਨੇੜੇ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਰੇਲਵੇ ਟਰੈਕ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਇਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਕਈ ਘੰਟੇ ਪੱਛੜ ਗਈਆਂ, ਜਿਸ ਨਾਲ ਮੁਸਾਫ਼ਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਅਤੇ ਰੇਲਵੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਘਾਟਾ ਪਿਆ ਹੈ।
ਸੁਰੱਖਿਆ ਅਧਿਕਾਰੀਆਂ ਦਾ ਬਿਆਨ
ਇੰਚਾਰਜ ਸੁਖਬੀਰ ਸਿੰਘ ਸੰਧੂ ਨੇ ਕਿਹਾ, "ਮੁਸਾਫ਼ਰਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹਰ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ।"