ਮਜ਼ਦੂਰ ਦਿਵਸ ਵਾਲੇ ਦਿਨ ਵੀ ਲੱਗੇ ਸਿਹਤ ਬੀਮਾ ਯੋਜਨਾ ਦੇ ਕੈਂਪ, ਮੁਲਾਜ਼ਮਾਂ ਨੂੰ ਨਹੀਂ ਮਿਲੀ ਛੁੱਟੀ
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਹਿਲੀ ਮਈ ਮਜ਼ਦੂਰ ਦਿਵਸ ਵਾਲੇ ਦੀ ਛੁੱਟੀ ਹੋਣ ਦੇ ਬਾਵਜੂਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾਉਣ ਦੇ ਕੈਂਪ ਲਗਾਏ ਗਏ,
Publish Date: Fri, 01 May 2026 04:29 PM (IST)
Updated Date: Fri, 01 May 2026 04:32 PM (IST)

ਅੰਮ੍ਰਿਤਸਰ ਸਮੇਤ ਸਿਰਫ ਗਿਣੇ-ਚੁਣੇ ਸ਼ਹਿਰਾਂ ’ਚ ਹੀ ਛੁੱਟੀ ਵਾਲੇ ਦਿਨ ਵੀ ਲੱਗੇ ਕੈਂਪ ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਹਿਲੀ ਮਈ ਮਜ਼ਦੂਰ ਦਿਵਸ ਵਾਲੇ ਦੀ ਛੁੱਟੀ ਹੋਣ ਦੇ ਬਾਵਜੂਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾਉਣ ਦੇ ਕੈਂਪ ਲਗਾਏ ਗਏ, ਤੇ ਕੈਂਪਾਂ ਵਿੱਚ ਡਿਊਟੀ ਨਿਭਾਉਣ ਵਾਲੇ ਸੇਵਾ ਕੇਂਦਰ ਮੁਲਾਜ਼ਮਾ ਸਮੇਤ ਹੋਰ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਦੀ ਛੁੱਟੀ ਕੱਟ ਦਿੱਤੀ ਗਈ। ਕੈਂਪ ਵਿੱਚ ਆਪਣੀ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਡਿਊਟੀ ਨਿਭਾਉਣ ਗਏ ਕੁਝ ਮੁਲਾਜ਼ਮਾਂ ਨੇ ਉਹਨਾਂ ਦਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਤੋਂ ਇਲਾਵਾ ਸਿਰਫ ਜਲੰਧਰ ਜਾਂ ਕੁਝ ਇੱਕ ਅੱਧੇ ਜਿਲੇ ਵਿੱਚ ਹੀ ਛੁੱਟੀ ਵਾਲੇ ਦਿਨ ਵੀ ਕੈਂਪ ਲਗਾਏ ਗਏ ਹਨ ਜਦ ਕਿ ਬਾਕੀ ਜਿਲਿਆਂ ਵਿੱਚ ਗਜ਼ਟਿਡ ਛੁੱਟੀ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ ਇਹ ਮਜ਼ਦੂਰਾਂ ਦੇ ਹੱਕਾਂ ਉੱਤੇ ਡਾਕਾ ਹੈ, ਖੁੱਲ ਕੇ ਭਾਵੇਂ ਹਰੇਕ ਮੁਲਾਜ਼ਮ ਨਹੀਂ ਬੋਲਿਆ ਪਰ ਦਬੀ ਆਵਾਜ਼ ਵਿੱਚ ਸਭ ਇਸ ਦਾ ਵਿਰੋਧ ਕਰਦੇ ਹੀ ਨਜ਼ਰ ਆਏ। ਕੁਝ ਕੁ ਆਪਰੇਟਰਾਂ ਨੇ ਦੱਸਿਆ ਕਿ ਡੀਜੀਆਰ ਵੱਲੋਂ ਮਿਲੀ ਛੁੱਟੀਆਂ ਦੀ ਸੂਚੀ ਵਿੱਚ ਪਹਿਲੀ ਮਈ ਦੀ ਛੁਟੀ ਦੱਸੀ ਗਈ ਸੀ ਜਿਸ ਕਰਕੇ ਸਵੇਰੇ ਉਹਨਾਂ ਨੂੰ ਛੁੱਟੀ ਹੋਣ ਦੇ ਬਾਵਜੂਦ ਡਿਊਟੀ ਜੁਆਇਨ ਕਰਨ ਦੇ ਫੋਨ ਆਏ। ਕੁਝ ਕੁ ਅੱਕੇ ਸੇਵਾ ਕੇਂਦਰ ਆਪਰੇਟਰਾਂ ਨੇ ਇਹ ਜਾਣਕਾਰੀ ਵੀ ਦੇ ਦਿੱਤੀ ਕਿ ਕੈਂਪਾਂ ਵਿੱਚ ਜਿੱਥੇ ਸੇਵਾ ਕੇਂਦਰ ਦੇ ਆਪਰੇਟਰਾਂ ਨੂੰ ਕੰਪਿਊਟਰ ਸਿਸਟਮ ਅਲਾਟ ਹੋਏ ਹਨ ਉਥੇ ਹੀ ਕੈਂਪ ਵਿੱਚ ਡਿਊਟੀ ਨਿਭਾਉਣ ਵਾਲੇ ਸਰਕਾਰੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਵੀ ਕੰਪਿਊਟਰ ਅਲਾਟ ਹੋਏ ਹਨ ਪਰ ਕੁਝ ਕੁ ਕੈਂਪਾਂ ਨੂੰ ਛੱਡ ਕੇ ਬਾਕੀ ਸਾਰੇ ਕੈਂਪਾਂ ਵਿੱਚ ਸਿਰਫ ਸੇਵਾ ਕੇਂਦਰ ਦੇ ਆਪਰੇਟਰ ਹੀ ਕੰਪਿਊਟਰ ਤੇ ਕੰਮ ਕਰਦੇ ਹਨ। ਜਦਕਿ ਸਰਕਾਰੀ ਮੁਲਾਜ਼ਮ ਸਿਰਫ ਫੋਟੋ ਖਿਚਵਾ ਕੇ ਬਾਅਦ ਵਿੱਚ ਵਾਪਸ ਚਲੇ ਜਾਂਦੇ ਹਨ। ਦੱਸ ਦਈਏ ਕਿ ਏਡੀਸੀ ਯੂ ਡੀ ਰੁਪਿੰਦਰ ਪਾਲ ਸਿੰਘ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪਾਂ ਦੇ ਨੋਡਲ ਅਫਸਰ ਹਨ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਕੈਂਪ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੇ ਕੰਮ ਦੀ ਸਮੀਖਿਆ ਕੀਤੀ ਜਾਂਦੀ ਰਹੇ। ਬਾਕਸ : ਕੀ ਕਹਿਣਾ ਹੈ ਏਡੀਸੀ ਯੂਡੀ ਰੁਪਿੰਦਰ ਪਾਲ ਸਿੰਘ ਦਾ ਇਸ ਬਾਬਤ ਜਦੋਂ ਏਡੀਸੀ ਯੂਡੀ ਰੁਪਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੈਂਪਾਂ ਵਿੱਚ ਛੁੱਟੀ ਹੋਣ ਬਾਰੇ ਉਹਨਾਂ ਨੂੰ ਕੋਈ ਸਪਸ਼ਟ ਆਦੇਸ਼ ਨਹੀਂ ਸਨ ਇਸ ਲਈ ਅੱਜ ਕੈਂਪਾਂ ਦਾ ਸੰਚਾਲਨ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਦਾ ਫੋਟੋ ਖਖਿਚਵਾ ਕੇ ਕੈਂਪ ਵਿੱਚੋਂ ਚਲੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਹਲੇ ਤੱਕ ਸਾਹਮਣੇ ਨਹੀਂ ਆਇਆ ਅਤੇ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਹੋਰ ਵੀ ਯੋਜਨਾਵਾਂ ਚੱਲ ਰਹੀਆਂ ਹਨ ਜਿਵੇਂ ਕਿ ਸੈਂਸਸ ਆਦਿ। ਇਸ ਲਈ ਉਹਨਾਂ ਨੂੰ ਸਟਾਫ ਦੀ ਐਡਜਸਟਮੈਂਟ ਕਰਨੀ ਪੈ ਜਾਂਦੀ ਹੈ।