ਬੇਅਦਬੀਆਂ ਦੇ ਮਾਮਲੇ 'ਚ ਸਰਕਾਰਾਂ ਲੈਣ ਸਖ਼ਤ ਐਕਸ਼ਨ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਲਗਾਤਾਰ ਹੋ ਰਹੀਆ ਬੇਅਦਬੀ ਦੀਆਂ ਘਟਨਾਵਾਂ ਡੂੰਘੀ ਸਾਜਿਸ਼ ਦਾ ਹਿੱਸਾ ਹਨ ਤੇ ਇਸ ਨੂੰ ਰੋਕਣ ਲਈ ਸਰਕਾਰਾਂ ਨੂੰ ਸਖਤ ਐਕਸ਼ਨ ਲੈਦੇ ਹੋਏ ਬਿਨਾਂ ਕਿਸੇ ਦਲੀਲ ਅਪੀਲ ਦੇ
Publish Date: Sun, 19 Apr 2026 04:53 PM (IST)
Updated Date: Sun, 19 Apr 2026 04:57 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਚ ਲਗਾਤਾਰ ਹੋ ਰਹੀਆ ਬੇਅਦਬੀ ਦੀਆਂ ਘਟਨਾਵਾਂ ਡੂੰਘੀ ਸਾਜਿਸ਼ ਦਾ ਹਿੱਸਾ ਹਨ ਤੇ ਇਸ ਨੂੰ ਰੋਕਣ ਲਈ ਸਰਕਾਰਾਂ ਨੂੰ ਸਖਤ ਐਕਸ਼ਨ ਲੈਦੇ ਹੋਏ ਬਿਨਾਂ ਕਿਸੇ ਦਲੀਲ ਅਪੀਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਿੰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਹਰ ਧਰਮ ਆਪਸੀ ਮਿਲਜੁਲ ਕੇ ਰਹਿਣ ਦੀ ਸਿੱਖਿਆ ਦਿੰਦਾ ਹੈ ਤੇ ਜਿਹੜੇ ਵਿਅਕਤੀ ਪਵਿੱਤਰ ਗ੍ਰੰਥਾ ਦੀ ਬੇਅਦਬੀ ਕਰ ਰਹੇ ਹਨ, ਉਹ ਇਨਸਾਨ ਨਹੀ ਹੋ ਸਕਦੇ ਹਨ, ਜਿਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀ ਵਰਤੀ ਜਾਣੀ ਚਾਹੀਦੀ ਹੈ। ਪ੍ਰਿੰਸ ਸ਼ਰੀਫਪੁਰਾ ਨੇ ਕਿਹਾ ਕਿ ਬੇਅਦਬੀ ਦੀਆ ਘਟਨਾਵਾਂ ਤੇ ਰੋਕ ਲਾਉਣ ਚ ਸਰਕਾਰਾਂ ਪੂਰੀ ਤਰ੍ਹਾ ਨਾਲ ਫੇਲ ਹੋ ਚੁੱਕੀਆਂ ਹਨ, ਜਿਸ ਸਦਕਾ ਹੁਣ ਹਰ ਧਰਮ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਚੌਕਸ ਹੋ ਕੇ ਆਪਣੇ ਧਾਰਮਿਕ ਅਸਥਾਨਾਂ ਤੇ ਪਵਿੱਤਰ ਗ੍ਰੰਥਾ ਦੀ ਨਿਗਰਾਨੀ ਕਰਨ ਤੇ ਜੇਕਰ ਕੋਈ ਸ਼ਰਾਰਤੀ ਅਨਸਰ ਆਪਣੇ ਮਾੜੇ ਮਨਸੂਬੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾ ਕਿਹਾ ਕਿ ਬੇਅਦਬੀ ਦੀਆ ਘਟਨਾਵਾਂ ਸਮੁੱਚੇ ਭਾਈਚਾਰੇ ਦੇ ਸਬੰਧਾਂ ਨੂੰ ਵਿਗਾੜਨ ਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਵੀ ਸਾਜ਼ਿਸ਼ ਹੋ ਸਕਦੀ ਹੈ ਪਰ ਇਨ੍ਹਾਂ ਘਟਨਾਵਾ ਕਾਰਨ ਅਮਨ ਪਸੰਦ ਲੋਕਾਂ ਚ ਲਗਾਤਾਰ ਰੋਸ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਚ ਸਰਕਾਰਾਂ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਸਖਤ ਐਕਸ਼ਨ ਲੈਣ ਨਹੀਂ ਤਾਂ ਇਹ ਮਾਮਲਾ ਆਉਣ ਵਾਲੇ ਦਿਨਾਂ ਚ ਬੇਹੱਦ ਘਾਤਕ ਰੂਪ ਅਖਤਿਆਰ ਕਰ ਸਕਦਾ ਹੈ।