ਅੰਮ੍ਰਿਤਸਰ ਦਾ ਤਾਪਮਾਨ 43 ਡਿਗਰੀ, ਲੂ ’ਚ ਅਸਮਾਨੋਂ ਵਰ੍ਹ ਰਹੀ ਅੱਗ
ਅੰਮ੍ਰਿਤਸਰ ਦਾ ਤਾਪਮਾਨ 43 ਡਿਗਰੀ, ਲੂ ’ਚ ਅਸਮਾਨੋਂ ਵਰ ਰਹੀ ਅੱਗ
Publish Date: Tue, 19 May 2026 07:37 PM (IST)
Updated Date: Wed, 20 May 2026 04:10 AM (IST)

ਅਗਲੇ 4 ਦਿਨਾਂ ਲਈ ਭਿਆਨਕ ਲੂ ਦਾ ਰੈੱਡ ਅਲਰਟ ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਵਿਚ ਗਰਮੀ ਨੇ ਆਪਣੇ ਤੇਵਰ ਬੇਹੱਦ ਖਤਰਨਾਕ ਕਰ ਲਏ ਹਨ। ਲੋਕਾਂ ਲਈ ਇਸ ਤੇਜ ਗਰਮੀ ਵਿਚ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਸ ਨੇ ਲੋਕਾਂ ਦੇ ਵੱਟ ਕੱਢ ਦਿੱਤੇ। ਮੌਸਮ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਚਾਰ ਦਿਨ ਅੰਮ੍ਰਿਤਸਰ ਵਾਸੀਆਂ ਲਈ ਹੋਰ ਵੀ ਭਾਰੀ ਰਹਿਣ ਵਾਲੇ ਹਨ, ਕਿਉਂਕਿ ਸ਼ਹਿਰ ਵਿਚ ਜ਼ਬਰਦਸਤ ਹੀਟ ਵੇਵ (ਲੂ) ਚੱਲਣ ਦਾ ਖ਼ਦਸ਼ਾ ਹੈ। ਗਰਮੀ ਦਾ ਕਹਿਰ ਇਨ੍ਹਾਂ ਦਿਨਾਂ ਵਿਚ ਲਗਾਤਾਰ ਸ਼ਿਖਰਾਂ ਵੱਲ ਵੱਧ ਰਿਹਾ ਹੈ। ਗਰਮੀ ਦੇ ਵੱਧ ਰਹੇ ਤਾਪਮਾਨ ਕਾਰਨ ਜਿੱਥੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਇਸ ਮੌਸਮ ਵਿਚ ਕਈ ਬੀਮਾਰੀਆਂ ਵੀ ਘੇਰ ਸਕਦੀਆਂ ਹਨ। ਖਾਸ ਕਰ ਕੇ ਸ਼ੂਗਰ, ਬੀਪੀ ਅਤੇ ਹੋਰਨਾਂ ਮਰੀਜਾਂ ਦਾ ਇਸ ਮੌਸਮ ਵਿਚ ਬੇਹੱਦ ਖਿਆਲ ਰੱਖਣ ਦੀ ਲੋੜ ਹੈ। ਗਰਮੀ ਦਾ ਤੇਜ ਹੀਟ ਸਟਰੋਕ ਸ਼ਰੀਰ ਨੂੰ ਕਮਜੋਰ ਕਰ ਰਿਹਾ ਹੈ ਅਤੇ ਇਸ ਤੋਂ ਬਚਣ ਲਈ ਇਮਨਿਊਟੀ ਸਿਸਟਮ ਨੂੰ ਮਜਬੂਤ ਰੱਖਣਾ ਜਰੂਰੀ ਹੈ। ਗੁਰੂ ਨਗਰੀ ਵਿਚ ਗਰਮੀ ਦਾ ਕਹਿਰ ਮੰਗਲਵਾਰ ਵੀ ਬਹੁਤ ਤੇਜ ਸੀ। ਸ਼ਹਿਰ ਦੀਆਂ ਜਿਆਦਾਤਰ ਸੜਕਾਂ ਦੁਪਹਿਰ ਸਮੇਂ ਸੁੰਨਸਾਨ ਪਈਆਂ ਸਨ। ਜਿਕਰਯੋਗ ਹੈ ਕਿ ਮੌਸਮ ਵਿਭਾਗ ਨੇ 18 ਮਈ ਤੋਂ ਇਕ ਹਫਤੇ ਤੱਕ ਲੂ ਚੱਲਣ ਦਾ ਸੰਕੇਤ ਵੀ ਦਿੱਤਾ ਹੈ। ਇਹ 22 ਮਈ ਤੱਕ ਜਾਰੀ ਰਹੇਗੀ ਅਤੇ 23 ਮਈ ਤੋਂ ਦੋ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਵੀ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖਾਸ ਕਰ ਕੇ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਕਾਰਨ ਕਈ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਗ੍ਰਾਹਕਾਂ ਦੀ ਆਮਦ ਵੀ ਨਾਮਾਤਰ ਰਹੀ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਢੇ ਪਾਣੀ ਅਤੇ ਤਰਲ ਪਦਾਰਥਾਂ ਦਾ ਸੇਵਨ ਕਰਦੇ ਦੇਖੇ ਗਏ। ਇਸ ਮੌਸਮ ਵਿਚ ਨਿੰਬੂ ਸ਼ਿਕੰਜਵੀ ਵਾਲੇ ਰੇਹੜੀ ਚਾਲਕਾਂ ਦੇ ਆਲੇ-ਦੁਆਲੇ ਖੜੇ ਲੋਕਾਂ ਦੀ ਭੀੜ ਦੇਖੀ ਗਈ। ਬਾਕਸ ਸ਼ੂਗਰ ਦੇ ਮਰੀਜ਼ਾਂ ਨੂੰ ਚੌਕਸ ਰਹਿਣ ਦੀ ਲੋੜ : ਡਾ. ਨਿਤਿਨ ਡਾ. ਨਿਤਿਨ ਕੁਮਾਰ ਅਨੁਸਾਰ ਗਰਮੀਆਂ ਦੇ ਮੌਸਮ ਚ ਸ਼ੂਗਰ ਦੇ ਮਰੀਜ਼ਾਂ ਨੂੰ ਭੋਜਨ ਪਚਾਉਣ ਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਖਾਣਾ ਸਹੀ ਤਰੀਕੇ ਨਾਲ ਪਚ ਨਹੀਂ ਪਾਉਂਦਾ ਤਾਂ ਖੂਨ ਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਦਾ ਹੈ, ਇਸ ਲਈ ਇਸ ਮੌਸਮ ਚ ਸ਼ੂਗਰ ਦੇ ਰੋਗੀਆਂ ਨੂੰ ਭੋਜਨ ਚ ਫਾਈਬਰ ਵਾਲੇ ਭੋਜਨ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਫਾਈਬਰ ਭੋਜਨ ਅਜਿਹੇ ਭੋਜਨ ਨੂੰ ਕਹਿੰਦੇ ਹਨ ਜਿਸ ਵਿਚ ਪਾਣੀ ਦੀ ਮਾਤਰਾ ਵੀ ਕਾਫੀ ਹੋਵੇ। ਗਰਮੀਆਂ ਵਿਚ ਸ਼ੂਗਰ ਨੂੰ ਕੰਟਰੋਲ ਵਿਚ ਰੱਖਣ ਲਈ ਅਜਿਹੇ ਫਲਾਂ ਦੀ ਚੋਣ ਕਰੋ ਜੋ ਸ਼ੂਗਰ ਨੂੰ ਵੀ ਕੰਟਰੋਲ ਵਿਚ ਰੱਖਦੇ ਹਨ। ਅਜਿਹੇ ਫਲੇ ਜੋ ਗਰਮੀਆਂ ਚ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਸ਼ੂਗਰ ਨੂੰ ਵੀ ਕੰਟਰੋਲ ਕਰੇਗਾ। ਇਸ ਮੌਸਮ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਨਾਲ ਕਈ ਵਾਰ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ। ਜਦੋਂ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਹਾਈ ਬਲੱਡ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਬਾਕਸ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ : ਡਾਇਟੀਸ਼ੀਅਨ ਦਿਸ਼ਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਗਰਮੀ ਦੀ ਵੱਧ ਰਹੀ ਤਪਸ਼ ਅਤੇ ਬਦਲ ਰਹੇ ਮੌਸਮ ਵਿਚ ਬੀਮਾਰੀਆਂ ਤੋਂ ਬਚਣ ਲਈ ਖਾਸ ਧਿਆਨ ਰੱਖਣ ਦੀ ਲੋੜ ਹੈ। ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ। ਜੇਕਰ ਜ਼ਰੂਰਤ ਅਨੁਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਢੀ ਹੋਵੇ। ਉਨ੍ਹਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ, ਪਰ ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਟੀਕ ਘੰਟੇ 12 ਤੋਂ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਮੌਸਮ ਦੇ ਬਦਲਾਅ ਵਿਚ ਕਈ ਬੀਮਾਰੀਆਂ ਪਨਪ ਰਹੀਆਂ ਹਨ।