ਫੰਡ ਕਟਾਉਣ ਵਾਲੇ ਮਜ਼ਦੂਰਾਂ ਲਈ ਸਿਹਤ ਸੁਵਿਧਾਵਾਂ ਪ੍ਰਤੀ ਮੁਸ਼ਕਲਾਂ ਵਧੀਆਂ
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਈਐਸਆਈ ਹਸਪਤਾਲ (ਮਜ਼ਦੂਰਾਂ ਦੇ ਹਸਪਤਾਲ) ਵੱਲੋਂ ਬੀਤੇ ਦਿਨ ਮੈਡੀਕਲ ਸੁਪਰੀਡੈਂਟ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਹੁਕਮਾਂ ਤਹਿਤ ਇਕ ਪਰਵਾਨਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਈਐਸਆਈ ਹਸਪਤਾਲ ਵਿਚ
Publish Date: Wed, 20 May 2026 04:27 PM (IST)
Updated Date: Wed, 20 May 2026 04:31 PM (IST)

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਈਐਸਆਈ ਹਸਪਤਾਲ (ਮਜ਼ਦੂਰਾਂ ਦੇ ਹਸਪਤਾਲ) ਵੱਲੋਂ ਬੀਤੇ ਦਿਨ ਮੈਡੀਕਲ ਸੁਪਰੀਡੈਂਟ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਹੁਕਮਾਂ ਤਹਿਤ ਇਕ ਪਰਵਾਨਾ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਈਐਸਆਈ ਹਸਪਤਾਲ ਵਿਚ ਉਹ ਮਜ਼ਦੂਰ ਬਿਹਤਰ ਇਲਾਜ ਲੈਣ ਲਈ ਆਉਂਦੇ ਹਨ ਜੋ ਕਿ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਬਕਾਇਦਾ ਤੌਰ ’ਤੇ ਤਨਖਾਹ ਵਿਚੋਂ ਫੰਡ ਕੱਟਿਆ ਜਾਂਦਾ ਹੈ ਜੋ ਕਿ ਉਨ੍ਹਾਂ ਦੀ ਸਿਹਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸਹੂਲਤਾਂ ਅਤੇ ਮੈਡੀਕਲ ਵਾਸਤੇ ਵਰਤੋਂ ਵਿਚ ਲਿਆਂਦਾ ਜਾਂਦਾ। ਜਿਸ ਨਾਲ ਮਜ਼ਦੂਰਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਇਕ ਚੰਗੇ ਅਤੇ ਸੁਚੱਜੇ ਇਲਾਜ ਦੀ ਉਮੀਦ ਹੁੰਦੀ ਹੈ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਨੇ ਈਐਸਆਈ ਹਸਪਤਾਲ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਮਜ਼ਦੂਰਾਂ ਨੂੰ ਚੰਗੇ ਇਲਾਜ ਲਈ ਪਹਿਲਾਂ ਗੁਰੂ ਨਾਨਕ ਦੇਵ ਸਥਿਤ ਹਸਪਤਾਲ ਵਿਚ ਰੈਫਰ ਕੀਤਾ ਜਾਵੇ। ਸਰਕਾਰ ਦਾ ਤਰਕ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਹਰ ਤਰ੍ਹਾਂ ਦਾ ਇਲਾਜ ਮੌਜੂਦ ਹੈ, ਜਿਸ ਕਰਕੇ ਹੋਰ ਪ੍ਰਾਈਵੇਟ ਹਸਪਤਾਲਾਂ ਵਿਚ ਈਐਸਆਈ ਹਸਪਤਾਲ ਵੱਲੋਂ ਰੈਫਰ ਕੀਤਾ ਜਾਣਾ ਨਹੀਂ ਬਣਦਾ। ਇਹ ਹੁਕਮ ਤੋਂ ਬਾਅਦ ਮਜ਼ਦੂਰ ਪਰਿਵਾਰਾਂ ਵਿਚ ਮਾਯੂਸੀ ਹੈ। ਮਜ਼ਦੂਰ ਆਗੂ ਦੁਰਗਾ ਦਾਸ, ਹਰੀਸ਼ ਚੰਦਰ ਨਾਥੂਰਾਮ, ਬਲਰਾਮ ਆਦਿ ਨੇ ਦੱਸਿਆ ਕਿ ਪਹਿਲਾਂ ਜਦ ਉਨ੍ਹਾਂ ਨੂੰ ਚੰਗੇ ਇਲਾਜ ਲਈ ਈਐਸਆਈ ਤੋਂ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦਾ ਤਸੱਲੀਬਖਸ਼ ਇਲਾਜ ਹੋ ਜਾਂਦਾ ਸੀ, ਪਰ ਹੁਣ ਇਸ ਹੁਕਮ ਤੋਂ ਬਾਅਦ ਉਨ੍ਹਾਂ ਨੂੰ ਫਿਰ ਸਰਕਾਰੀ ਹਸਪਤਾਲ ਦੇ ਚੱਕਰ ਕੱਟਣੇ ਪੈਣਗੇ, ਜਿਸ ਨਾਲ ਸਮਾਂ ਅਤੇ ਇਲਾਜ ਦੋਵਾਂ ਵਿਚ ਕਾਫੀ ਦੇਰ ਹੋ ਜਾਵੇਗੀ। ਸਰਕਾਰ ਨੂੰ ਮੁੜ ਆਪਣੇ ਇਸ ਫੈਸਲੇ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਸਬੰਧੀ ਜਦ ਈਐਸਆਈ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਅਸ਼ਵਨੀ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤਰਫੋਂ ਇਹ ਪਰਵਾਨਾ ਅਤੇ ਹੁਕਮ ਜਾਰੀ ਹੋਇਆ ਸੀ, ਜੋ ਉਨ੍ਹਾਂ ਨੇ ਇਨ ਬਿਨ ਪਾਲਣਾ ਕਰਦੇ ਹੋਏ ਨੋਟਿਸ ਬੋਰਡ ਅਤੇ ਮਰੀਜ਼ਾਂ ਲਈ ਜਾਰੀ ਕਰ ਦਿੱਤਾ ਗਿਆ। ਇਸ ਦੀ ਇਕ ਕਾਪੀ ਬਕਾਇਦਾ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਹੁਣ ਦੇਖਣਾ ਇਹ ਬਣਦਾ ਹੈ ਕਿ ਇਸ ਸਰਕਾਰੀ ਹੁਕਮ ਉਪਰੰਤ ਕੀ ਮਜ਼ਦੂਰਾਂ ਨੂੰ ਸੰਤੁਸ਼ਟੀ ਭਰਿਆ ਇਲਾਜ ਮਿਲ ਸਕੇਗਾ ਜਾਂ ਨਹੀਂ।