ਕੋਆਰਡੀਨੇਟਰ ਐਨਮ ਸੰਧੂ ਦਾ ਹੋਇਆ ਸਵਾਗਤ ਤੇ ਸਨਮਾਨ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਦੀ ਕੋਆਰਡੀਨੇਟਰ ਤੇ ਕੌਮੀ ਬਾਕਸਿੰਗ ਖਿਡਾਰਨ ਐਨਮ ਸੰਧੂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਤੇ ਸਨਮਾਨ ਕੀਤਾ ਗਿਆ।
Publish Date: Sun, 03 May 2026 04:22 PM (IST)
Updated Date: Sun, 03 May 2026 04:23 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਦੀ ਕੋਆਰਡੀਨੇਟਰ ਤੇ ਕੌਮੀ ਬਾਕਸਿੰਗ ਖਿਡਾਰਨ ਐਨਮ ਸੰਧੂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਤੇ ਸਨਮਾਨ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰ. ਕੁਸੁਮ ਮਲਹੌਤਰਾ ਯੂਐਸਏ ਦੇ ਵੱਲੋਂ ਨਿਭਾਈ ਗਈ। ਕੋਆਰਡੀਨੇਟਰ ਤੇ ਕੌਮੀ ਬਾਕਸਿੰਗ ਖਿਡਾਰਨ ਐਨਮ ਸੰਧੂ ਦਾ ਇਹ ਮਾਣ-ਸਨਮਾਨ ਉਸ ਦੇ ਵੱਲੋਂ ਮਹਿਲਾਵਾਂ ਦੇ ਮਾਣ-ਸਨਮਾਨ ਨੂੰ ਲੈ ਕੇ ਕੀਤੇ ਜਾ ਰਹੇ ਬੇਮਿਸਾਲ ਉਪਰਾਲਿਆਂ ਤੇ ਹਾਲ ਹੀ ਵਿਚ ਮਹਿਲਾਵਾਂ ਦੀ ਸ਼ਾਨ ਦੇ ਵਿਚ ਕਰਵਾਏ ਗਏ ਪ੍ਰੋਗਰਾਮਾਂ ਦੇ ਵਿਚ ਨਿਭਾਈ ਗਈ ਮਿਸਾਲੀ ਭੂਮਿਕਾ ਦੇ ਬਦਲੇ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਪਿੱਛਲੇ ਡੇਢ ਦਹਾਕੇ ਤੋਂ ਮਹਿਲਾ ਦਿਵਸ ਮੌਕੇ ਕਿਸੇ ਵੀ ਪ੍ਰਕਾਰ ਦੇ ਸਰਕਾਰੀ ਤੇ ਗੈਰ ਸਰਕਾਰੀ ਮਾਣ-ਸਨਮਾਨ ਤੋਂ ਵਾਂਝੀਆਂ ਮਹਿਲਾਵਾਂ ਦੀ ਕਾਰਜਸ਼ੈਲੀ ਨੂੰ ਸਨਮਾਨ ਸਮਾਰੋਹ ਕਰਵਾ ਕੇ ਤਸਦੀਕ ਕਰਦੀ ਆ ਰਹੀ ਹੈ। ਇਸ ਮੌਕੇ ਚੀਫ ਪੈਟਰਨ ਪ੍ਰਿੰ. ਕੁਸੁਮ ਮਲਹੌਤਰਾ ਨੇ ਕਿਹਾ ਕਿ ਬੇਸ਼ੱਕ ਸਰਕਾਰਾਂ ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਬਾਤ ਪਾਉਂਦੀਆਂ ਹਨ ਪਰ ਸੱਚਾਈ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਅਗਰ ਸਰਕਾਰਾਂ ਵਾਕਿਆ ਹੀ ਮਹਿਲਾਵਾਂ ਦੇ ਮਾਣ-ਸਨਮਾਨ ਦੀ ਗੱਲ ਕਰਦੀਆਂ ਹੋਣ ਤਾਂ ਦੇਸ਼ ਦੇ ਵਿਚ ਕਿਸੇ ਵੀ ਮਹਿਲਾ ਸਮਾਜ ਸੇਵੀ ਸੰਸਥਾ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਦੇ ਪਿਛਲੇ 16 ਸਾਲ ਤੋਂ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਮਹਿਲਾਵਾਂ ਨੂੰ ਅੱਗੇ ਲਿਆ ਰਹੀ ਹੈ ਜਿੰਨ੍ਹਾਂ ਦੀ ਮਿਸਾਲੀ ਕਾਰਜਸ਼ੈਲੀ ਤੇ ਸਰਕਾਰ ਦੇ ਕਿਸੇ ਵੀ ਵਿਭਾਗ ਦੀ ਕਦੀ ਨਜ਼ਰ ਨਹੀਂ ਗਈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਹੁੰਦੀ ਹੈ ਜਦੋਂ ਰਾਜ ਜਾਂ ਕੌਮੀ ਪੱਧਰ ਦੇ ਸਮਾਰੋਹਾਂ ਦੇ ਵਿਚ ਕਈ ਅਜਿਹੀਆਂ ਮਹਿਲਾਵਾਂ ਦੀ ਚੋਣ ਕਰ ਲਈ ਜਾਂਦੀ ਹੈ ਜਿੰਨ੍ਹਾਂ ਦੀ ਕਿਸੇ ਵੀ ਖੇਤਰ ਵਿਚ ਕੋਈ ਦੇਣ ਨਹੀਂ ਹੁੰਦੀ। ਉਹ ਬੱਸ ਸ਼ਿਫਾਰਸ਼ ਦੇ ਬਲਬੁੂਤੇ ਉਹ ਮਾਣ-ਸਨਮਾਨ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਉਤੇ ਕਿਸੇ ਹੋਰ ਹੁੰਨਰਮੰਦ, ਹੋਣਹਾਰ ਤੇ ਉਦਮੀ ਮਹਿਲਾ ਦਾ ਹੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸੰਸਥਾਪਕ ਤੇ ਆਰਗੇਨਾਈਜ਼ਰ ਜੀਐਸ ਸੰਧੂ ਨੇ ਡੇਢ ਦਹਾਕਾ ਪਹਿਲਾਂ ਮਹਿਲਾਵਾਂ ਦੇ ਮਾਣ-ਸਨਮਾਨ ਨੂੰ ਲੈ ਕੇ ਜੋ ਸੁਪਨਾ ਲਿਆ ਸੀ, ਉਸ ਨੂੰ ਹਕੀਕੀ ਰੁੂਪ ਮਿਲ ਰਿਹਾ ਹੈ। ਸੁਸਾਇਟੀ ਦਾ ਕਾਫਲਾ ਕਾਫੀ ਵੱਡਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਨੂੰ ਐਨਮ ਸੰਧੂ ਵਰਗੀਆਂ ਯੋਗ ਤੇ ਨੌਜਵਾਨ ਲੜਕੀਆਂ ਦੀ ਜ਼ਰੂਰਤ ਹੈ। ਜੋ ਸੁਸਾਇਟੀ ਦੇ ਅਸਲ ਮੰਤਵ ਨੂੰ ਮਹਿਲਾਵਾਂ ਦੇ ਦਿਲਾਂ ਵਿਚ ਘਰ ਕਰਾਉਣ ਵਿੱਚ ਕਾਮਯਾਬ ਹੋਣ, ਜਿਸ ਨੂੰ ਐਨਮ ਸੰਧੂ ਬਾਖੂਬੀ ਨਿਭਾਅ ਰਹੀ ਹੈ। ਉਨ੍ਹਾਂ ਸਮਾਰੋਹਾਂ ਦੇ ਲਈ ਜਗ੍ਹਾ ਤੇ ਸਹਿਯੋਗ ਦੇਣ ਵਾਲੀਆਂ ਵਿੱਦਿਅਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਸੰਸਥਾ ਦੇ ਮੰਤਵ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਚੰਗਾ ਸਾਧਨ ਹਨ।