ਢੀਂਗਰਾ ਕਾਲੋਨੀ ’ਚ ਚੱਲੀਆਂ ਗੋਲ਼ੀਆਂ, ਇਕ ਜ਼ਖ਼ਮੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੰਬੋ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਰਾਮਤੀਰਥ ਰੋਡ ’ਤੇ ਸਥਿਤ ਢੀਂਗਰਾ ਕਾਲੋਨੀ ਦੇ ਘਰ ਵਿਚ ਬੀਤੀ ਦੇਰ ਰਾਤ ਗੋਲੀਬਾਰੀ ਹੋਈ।
Publish Date: Thu, 21 May 2026 04:31 PM (IST)
Updated Date: Fri, 22 May 2026 11:45 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੰਬੋ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਰਾਮਤੀਰਥ ਰੋਡ ’ਤੇ ਸਥਿਤ ਢੀਂਗਰਾ ਕਾਲੋਨੀ ਦੇ ਘਰ ਵਿਚ ਬੀਤੀ ਦੇਰ ਰਾਤ ਗੋਲੀਬਾਰੀ ਹੋਈ। ਇਸ ਘਟਨਾ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੂਰੇ ਪਿੰਡ ਵਿਚ ਡਰ ਦਾ ਮਾਹੌਲ ਹੈ। ਐੱਸਐੱਚਓ ਸ਼ਮਸ਼ੇਰ ਸਿੰਘ ਨੂੰ ਪੱਲੇਦਾਰ ਲਾਲ ਸਿੰਘ ਨੇ ਸੂਚਿਤ ਕੀਤਾ ਕਿ ਡੋਲੂ ਤੇ ਚੀਨੀ ਨਾਂ ਦੇ ਦੋ ਨੌਜਵਾਨਾਂ ਵਿਚਕਾਰ ਪੁਰਾਣੀ ਰੰਜਿਸ਼ ਕਾਰਨ ਝਗੜਾ ਹੋ ਰਿਹਾ ਹੈ। ਰਾਤ 9 ਵਜੇ ਦੇ ਕਰੀਬ ਤਿੰਨ ਵਾਹਨਾਂ ਵਿਚ ਸਵਾਰ ਲਗਪਗ 30 ਅਣਪਛਾਤੇ ਨੌਜਵਾਨ ਇਕ ਦੂਜੇ ਦੇ ਘਰਾਂ ਦੇ ਬਾਹਰ ਪਹੁੰਚੇ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਨਾਲ ਕਈ ਘਰਾਂ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਵਿਚ ਸਾਹਿਲ (22 ਸਾਲ) ਪੁੱਤਰ ਲਾਡੀ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੇ ਕਾਰਤੂਸ ਬਰਾਮਦ ਕੀਤੇ ਤੇ ਜਾਂਚ ਸ਼ੁਰੂ ਕਰ ਦਿੱਤੀ।