ਲਾਸ਼ ਨੂੰ ਐਕਟਿਵਾ ’ਤੇ ਰੱਖ ਕੇ ਮੁਲਜ਼ਮਾਂ ਨੇ ਕੀਤਾ ਤਾਂਡਵ
ਤਿੰਨ ਕਿਲੋਮੀਟਰ ਤੱਕ ਸੜਕਾਂ 'ਤੇ ਲਾਸ਼ ਨੂੰ ਐਕਟਿਵਾ 'ਤੇ ਰੱਖ ਕੇ ਮੁਲਜ਼ਮਾਂ ਕੀਤਾ ਤਾਂਡਵ
Publish Date: Fri, 15 May 2026 08:32 PM (IST)
Updated Date: Sat, 16 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੁਨਾਲ ਉਰਫ਼ ਲੋਟਸ ਦੀ ਲਾਸ਼ ਨੂੰ ਲੈ ਕੇ ਤਹਿਸੀਲਪੁਰਾ ਰਾਣੀ ਬਾਗ ਤੇ ਸ਼ਰੀਫਪੁਰਾ ਦੀਆਂ ਗਲੀਆਂ ’ਚ 3 ਕਿਲੋਮੀਟਰ ਤੱਕ ਮੁਲਜ਼ਮ ਘੁੰਮਦੇ ਰਹੇ। ਕਿਸੇ ’ਚ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਸੀ। ਇਸ ਦੇ ਬਾਵਜੂਦ ਪੁਲਿਸ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ, ਜਦੋਂ ਪੁਲਿਸ ਨੇ ਵੀਰਵਾਰ ਰਾਤ ਨੂੰ ਇਲਾਕੇ ’ਚ ਲੱਗੇ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਮੁਲਜ਼ਮਾਂ ਦੇ ਇਰਾਦੇ ਸਪੱਸ਼ਟ ਹੋ ਗਏ। ਮੁਲਜ਼ਮ ਇੰਨੇ ਹੌਸਲੇਮੰਦ ਸਨ ਕਿ ਇਨ੍ਹਾਂ ਨੂੰ ਕਾਨੂੰਨ ਵਿਵਸਥਾ ਦਾ ਕੋਈ ਡਰ ਨਹੀਂ ਜਾਪਦਾ ਸੀ। ਇਕ ਕੈਮਰੇ ਦੀ ਸੀਸੀਟੀਵੀ ਫੁਟੇਜ ’ਚ ਮੁਲਜ਼ਮ ਕੁਨਾਲ ਦੀ ਲਾਸ਼ ਨੂੰ ਐਕਟਿਵਾ ਦੀ ਪਿਛਲੀ ਸੀਟ ’ਤੇ ਲੱਦਦੇ ਹੋਏ ਦਿਖਾਈ ਦੇ ਰਹੇ ਹਨ। ਐਕਟਿਵਾ ਨੂੰ ਇੱਕ ਥਾਂ ’ਤੇ ਰੋਕਿਆ ਤੇ ਫਿਰ ਇਕ ਮੁਲਜ਼ਮ ਕੁਨਾਲ ਦੇ ਸਰੀਰ ’ਤੇ 4 ਜਾਂ 5 ਵਾਰ ਤੇਜ਼ਧਾਰ ਹਥਿਆਰ ਨਾਲ ਵਾਰ ਕਰਦਾ ਦੇਖਿਆ ਗਿਆ ਹੈ। ਇਸ ਫੁਟੇਜ ’ਚ ਹਮਲੇ ਤੋਂ ਬਾਅਦ ਮੁਲਜ਼ਮ ਕੁਨਾਲ ਦੇ ਸਰੀਰ ’ਤੇ ਬੈਠਦਾ ਹੈ, ਜਦਕਿ ਦੂਸਰਾ ਕਿਸੇ ਤਰ੍ਹਾਂ ਐਕਟਿਵਾ ਨੂੰ ਅੱਗੇ ਲੈ ਜਾਂਦਾ ਹੈ। ਪਤਾ ਲੱਗਾ ਹੈ ਕਿ ਪਿਛਲੇ ਦੋ ਦਿਨਾਂ ’ਚ ਪੁਲਿਸ ਨੇ ਕੁੱਲ 18 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਤਿੰਨ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸ਼ੱਕੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਵੰਸ਼ ਤੇ ਉਸ ਦੇ ਕੁਝ ਸਾਥੀ ਕਤਲ ਤੋਂ ਬਾਅਦ ਸ਼ਹਿਰ ਤੋਂ ਭੱਜ ਗਏ ਸਨ। ਪੁਲਿਸ ਟੀਮਾਂ ਮੁਲਜ਼ਮਾਂ ਦਾ ਪਤਾ ਲਾਉਣ ਲਈ ਵੀ ਕੰਮ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਤੁੰਗ ਬਾਲਾ ਇਲਾਕੇ ’ਚ ਰਹਿਣ ਵਾਲੇ ਕੁਨਾਲ ਨੂੰ ਵੰਸ਼ ਤੇ ਉਸਦੇ ਸਾਥੀਆਂ ਨੇ ਬੇਰਹਿਮੀ ਨਾਲ ਕੁੱਟਿਆ ਸੀ। ਵੀਰਵਾਰ ਦੇਰ ਰਾਤ ਮੁਲਜ਼ਮਾਂ ਨੇ ਤਹਿਸੀਲਪੁਰਾ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਕੁਨਾਲ ’ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਫਿਰ ਉਹ ਉਸ ਦੀ ਲਾਸ਼ ਨੂੰ ਐਕਟਿਵਾ ’ਤੇ ਲੈ ਗਏ ਤੇ ਆਪਣਾ ਹੰਗਾਮਾ ਜਾਰੀ ਰੱਖਿਆ। ਫਿਰ ਰਸਤੇ ’ਚ ਇਨ੍ਹਾਂ ਨੇ ਉਸ ਦੇ ਸਰੀਰ ’ਤੇ ਗੋਲੀਆਂ ਚਲਾਈਆਂ। ਕੁਨਾਲ ਦਾ ਪਿਤਾ ਪਵਨ ਕੁਮਾਰ ਈ-ਰਿਕਸ਼ਾ ਚਲਾਉਂਦਾ ਹੈ।