ਜਲੰਧਰ ਵਿਚ ਧਾਰਮਿਕ ਸਮਾਗਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨਿੰਦਣਯੋਗ: ਹਿੰਦੂ ਸੰਗਠਨ
ਜਲੰਧਰ ਵਿਚ ਧਾਰਮਿਕ ਸਮਾਗਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਅਤਿਨਿੰਦਣਯੋਗ: ਹਿੰਦੂ ਸੰਗਠਨ
Publish Date: Fri, 15 May 2026 08:22 PM (IST)
Updated Date: Sat, 16 May 2026 04:13 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਚੇਅਰਮੈਨ ਜੈ ਗੋਪਾਲ ਲਾਲੀ ਦੀ ਅਗਵਾਈ ਵਿੱਚ ਬਟਾਲਾ ਰੋਡ ਵਿਖੇ ਕੀਤੀ ਗਈ। ਜਿਸ ਵਿਚ ਹਿੰਦੂ ਨੇਤਾ ਅਨਿਲ ਟੰਡਨ, ਰਾਹੁਲ ਖੋਸਲਾ, ਹਰੀਸ਼ ਕੁਮਾਰ, ਅਸ਼ੀਸ਼ ਰਾਜਪੂਤ ਪਹੁੰਚੇ। ਜਿਸ ਵਿਚ ਗੱਲਬਾਤ ਕਰਦਿਆਂ ਹਿੰਦੂ ਨੇਤਾਵਾਂ ਨੇ ਕਿਹਾ ਕਿ ਸਨਾਤਨ ਧਰਮ ਦੇ ਧਾਰਮਿਕ ਸਮਾਗਮਾਂ ਨੂੰ ਰੋਕਣ ਦੀ ਕੋਸ਼ਿਸ਼ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀ, ਜੇਕਰ ਗੱਲ ਕਰੀਏ ਪੰਜਾਬ ਵਿੱਚ ਅੱਤਵਾਦ ਦੌਰਾਨ ਵੀ ਇਸ ਤਰਾਂ ਦੀ ਘਟਨਾ ਕਦੇ ਵੀ ਸਾਮ੍ਹਣੇ ਨਹੀਂ ਆਈ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੀਆਂ ਹਦਾਂ ਪਾਰ ਕਰਦੇ ਹੋਏ ਧਾਰਮਿਕ ਸਮਾਗਮ ਦੀ ਇਜਾਜਤ ਲੈਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਜੋਰ ਤੇ ਸ਼੍ਰੀ ਬਾਲਾ ਮਹਾਰਾਜ ਦੀ ਚੌਂਕੀ ਨੂੰ ਕਰਨ ਤੋ ਰੋਕ ਦਿੱਤਾ ਗਿਆ, ਜਦਕਿ ਕਿਸੇ ਵੀ ਧਾਰਮਿਕ ਸਮਾਗਮ ਨੂੰ ਕਰਨ ਲਈ ਕਿਸੇ ਵੀ ਤਰਾਂ ਦੀ ਇਜਾਜਤ ਲੈਣ ਦੀ ਲੋੜ ਨਹੀਂ ਹੁੰਦੀ ਹੈ, ਸਿਰਫ ਸਮਾਗਮ ਕਰਵਾਉਣ ਲਈ ਪ੍ਰਸ਼ਾਸਨ ਨੂੰ ਇਕ ਪਾਣੀ ਦੀ ਵਿਵਸਥਾ ਤੇ ਸਾਫ਼ ਸਫਾਈ ਲਈ ਇਕ ਪੱਤਰ ਲਿਖ ਕੇ ਦੇਣਾ ਪੈਂਦਾ ਹੈ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਿੰਦੂਆਂ ਦੇ ਧਾਰਮਿਕ ਸਮਾਗਮ ਨੂੰ ਰੋਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੂ ਵਿਰੋਧੀ ਹੈ। ਉਕਤ ਨੇਤਾਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੱਛਮੀ ਬੰਗਾਲ ਦੀ ਟੀਐਮਸੀ ਦੇ ਹੋਏ ਹਸ਼ਰ ਤੋ ਸਬਕ ਲੈਣਾ ਚਾਹੀਦਾ ਹੈ ਕਿ ਉੱਥੋਂ ਦੀ ਟੀਐਮਸੀ ਸਰਕਾਰ ਨੇ ਵੀ ਮਾਂ ਦੁਰਗਾ ਪੂਜਾ ਅਤੇ ਸ਼੍ਰੀ ਰਾਮਨਵਮੀ ਦੀ ਸ਼ੋਭਾ ਯਾਤਰਾ ਨਿਕਲਣ ਵਿਚ ਰੁਕਾਵਟ ਪਾਈ ਸੀ ਅਤੇ ਸਨਾਤਨੀਆਂ ਦੇ ਗੁੱਸੇ ਦਾ ਨਤੀਜਾ ਉਸਨੂੰ ਹੋਈਆਂ ਚੋਣਾਂ ਵਿੱਚ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਜਿਸ ਸਰਕਾਰ ਨੇ ਸਨਾਤਨ ਧਰਮ ਦੇ ਸਮਾਗਮ ਰੋਕਣ ਦੀ ਕੋਸ਼ਿਸ਼ ਕੀਤੀ, ਸਨਾਤਨੀਆਂ ਨੇ ਉਸ ਸਰਕਾਰ ਨੂੰ ਸਬਕ ਸਿਖਾ ਕੇ ਰਾਜਗੱਦੀ ਤੋਂ ਉਤਾਰਿਆ ਹੈ, ਚਾਹੇ ਉਤਰ ਪ੍ਰਦੇਸ਼ ਦੀ ਅਖਲੇਸ਼ ਯਾਦਵ ਦੀ ਸਰਕਾਰ ਹੋਏ ਜਾਂ ਬਿਹਾਰ ਦੀ ਲਾਲੂ ਪ੍ਰਸ਼ਾਦ ਯਾਦਵ ਦੀ ਸਰਕਾਰ, ਚਾਹੇ ਬੰਗਾਲ ਵਿਚ ਮਮਤਾ ਬੈਨਰਜੀ ਦੀ ਸਰਕਾਰ ਹੋਏ ਇੰਨਾ ਸਰਕਾਰਾਂ ਦਾ ਤਖ਼ਤਾ ਪਲਟ ਕੇ ਹੀ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਭਵਿੱਖ ਵਿਚ ਇਸਤੋਂ ਜਰੂਰ ਸਬਕ ਲਵੇਗੀ।