ਤਨਖਾਹਾਂ 'ਚ ਨਿਗੂਣੇ ਵਾਧੇ ਦੇ ਵਿਰੋਧ 'ਚ ਮਜ਼ਦੂਰਾਂ ਕੀਤੀ ਨਾਅਰੇਬਾਜ਼ੀ
ਤਨਖਾਹਾਂ 'ਚ ਨਿਗੂਣੇ ਵਾਧੇ ਦੇ ਵਿਰੋਧ 'ਚ ਮਜ਼ਦੂਰਾਂ ਕੀਤੀ ਨਾਅਰੇਬਾਜ਼ੀ
Publish Date: Fri, 15 May 2026 05:17 PM (IST)
Updated Date: Sat, 16 May 2026 04:01 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਦੀਆਂ ਤਨਖਾਹਾਂ ਚ ਨਿਗੂਣੇ ਵਾਧੇ ਦੇ ਵਿਰੋਧ ਵਿਚ ਏਟਕ ਜਥੇਬੰਦੀ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਾਮਰੇਡ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਨਅਤੀ ਮਜ਼ਦੂਰਾਂ ਦੀਆਂ ਘੱਟੋ ਘੱਟ ਤਨਖਾਹਾਂ ਵਿੱਚ ਬਹੁਤ ਹੀ ਥੋੜ੍ਹੇ ਕੀਤੇ ਵਾਧੇ ਦੇ ਵਿਰੋਧ ਵਿੱਚ ਪੰਜਾਬ ਦੇ ਮਜ਼ਦੂਰਾਂ ਦੀ ਜਥੇਬੰਦੀ ਏਟਕ ਵੱਲੋਂ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਵਿੱਚ ਅੰਮ੍ਰਿਤਸਰ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਛੇਹਰਟਾ, ਪੁਤਲੀਘਰ, ਬਟਾਲਾ ਰੋਡ, ਘਿਓ ਮੰਡੀ, ਤਰਨ ਤਾਰਨ ਰੋਡ, ਢਪਈ ਰੋਡ, ਬੱਕਰ ਮੰਡੀ, ਖੂਹ ਭੱਲਾ ਅਤੇ 22 ਨੰਬਰ ਫਾਟਕ ਆਦਿ ਸਨਅਤੀ ਇਲਾਕਿਆਂ ਵਿੱਚ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਕਾਮਿਆਂ ਨੂੰ ਅਮਰਜੀਤ ਸਿੰਘ ਆਸਲ ਬ੍ਰਹਮਦੇਵ ਸ਼ਰਮਾ, ਦਸਵਿੰਦਰ ਕੌਰ, ਸੁਖਵੰਤ ਸਿੰਘ, ਮੋਹਨ ਲਾਲ, ਸ਼ਮਸ਼ੇਰ ਨਾਥ, ਜਸਬੀਰ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 14 ਸਾਲਾਂ ਦੇ ਅਰਸੇ ਬਾਅਦ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਕੇਵਲ 15 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ ਜਿਸ ਨਾਲ ਮਜ਼ਦੂਰਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਕਰਨ ਨਾਲ ਸਰਕਾਰੀ ਖਜਾਨੇ ਉੱਪਰ ਕੋਈ ਬੋਝ ਨਹੀਂ ਪੈਂਦਾ ਹੈ। ਸਰਕਾਰ ਨੇ ਕੇਵਲ ਤਨਖਾਹਾਂ ਨਿਸ਼ਚਿਤ ਹੀ ਕਰਨੀਆਂ ਹੁੰਦੀਆਂ ਹਨ।ਜਦ ਕਿ ਅਦਾਇਗੀ ਪ੍ਰਾਈਵੇਟ ਕਾਰਖਾਨੇਦਾਰਾਂ ਅਤੇ ਦੂਜੇ ਅਦਾਰਿਆਂ ਦੇ ਮਾਲਕਾਂ ਵੱਲੋਂ ਕੀਤੀ ਜਾਂਦੀ ਹੈ। ਲੇਕਿਨ ਪੰਜਾਬ ਦੇ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੀ ਲਾਬੀ ਇੰਨੀ ਮਜ਼ਬੂਤ ਹੈ ਕਿ ਹਰ ਸਰਕਾਰ ਉਨ੍ਹਾਂ ਦੇ ਦਬਾਅ ਹੇਠ ਹੀ ਮਜ਼ਦੂਰਾਂ ਦੀਆਂ ਘੱਟੋ ਘੱਟ ਤਨਖਾਹਾਂ ਵਿੱਚ ਵਾਧਾ ਕਰਦੀ ਹੈ। ਪਿਛਲੇ 14 ਸਾਲਾਂ ਦੇ ਅਰਸੇ ਦੌਰਾਨ ਕਾਂਗਰਸ, ਅਕਾਲੀ-ਬੀਜੇਪੀ ਦੀਆਂ ਸਰਕਾਰਾਂ ਵੀ ਰਹੀਆਂ ਹਨ ਲੇਕਿਨ ਉਨ੍ਹਾਂ ਨੇ ਵੀ ਮਜ਼ਦੂਰਾਂ ਦੀ ਅਣਦੇਖੀ ਹੀ ਕੀਤੀ ਹੈ। ਆਪ ਸਰਕਾਰ ਨੇ 4 ਸਾਲਾਂ ਦੇ ਬਾਅਦ ਕੇਵਲ ਨਗੂਣਾ ਵਾਧਾ ਹੀ ਕੀਤਾ ਹੈ। ਇਸ ਨੂੰ ਮਜ਼ਦੂਰਾਂ ਲਈ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਮਈ ਨੂੰ ਸਪੈਸ਼ਲ ਅੰਸੈਂਬਲੀ ਦਾ ਸ਼ੈਸ਼ਨ ਸੱਦ ਕੇ ਪਹਿਲਾਂ ਮਜ਼ਦੂਰ ਆਗੂਆਂ ਨੂੰ ਇਸ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਸੀ ਲੇਕਿਨ ਬਾਅਦ ਵਿੱਚ ਕੇਵਲ ਲੇਬਰ ਮੰਤਰੀ ਵੱਲੋਂ ਲੇਬਰ ਭਵਨ ਮੁਹਾਲੀ ਵਿਖੇ ਹੀ ਮੀਟਿੰਗ ਕੀਤੀ ਗਈ। ਜਿਸ ਵਿੱਚ ਲੇਬਰ ਮੰਤਰੀ ਮਜ਼ਦੂਰ ਆਗੂਆਂ ਦੇ ਨਾਲ ਸਹਿਮਤ ਹੋਏ ਸਨ ਕਿ ਮਜ਼ਦੂਰਾਂ ਦੀਆਂ ਘੱਟੋ ਘੱਟ ਤਨਖਾਹਾਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇਗਾ ਲੇਕਿਨ ਕਾਰਖਾਨੇਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਦਬਾਅ ਹੇਠ ਮੁੱਖ ਮੰਤਰੀ ਵੱਲੋਂ ਕੇਵਲ 15 ਪ੍ਰਤੀਸ਼ਤ ਦੇ ਵਾਧਾ ਦਾ ਐਲਾਨ ਹੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ 19 ਮਈ ਨੂੰ ਲੇਬਰ ਭਵਨ ਮੁਹਾਲੀ ਵਿਖੇ ਮਜ਼ਦੂਰਾਂ ਦੀ ਰੋਸ ਰੈਲੀ ਵਿੱਚ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਿਲ ਹੋਣਗੇ।