- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਕਰਮ ਮਜੀਠੀਆ ਨੇ ਲਗਾਏ ਦੋਸ਼ ਮਜੀਠਾ ਦਾ ਈਓ ਨਗਰ ਕੌਂਸਲ ਚੋਣਾਂ ਵਾਸਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਹੀਂ ਦੇ ਰਿਹਾ ਐਨਓਸੀ

ਫੋਟੋ: 57
ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਤੇ ਹੋਰ।
ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਉਂਦਿਆ ਕਿਹਾ ਕਿ ਮਜੀਠਾ ਨਗਰ ਕੌਂਸਲ ਦਾ ਕਾਰਜਕਾਰੀ ਅਫਸਰ ਨਗਰ ਕੌਂਸਲ ਚੋਣਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐੱਨਓਸੀ ਜਾਰੀ ਨਹੀਂ ਕਰ ਰਿਹਾ। ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ’ਚ ਇਹੋ ਹਾਲਾਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਖੁਦ ਅਫਸਰ ਕਹਿ ਰਹੇ ਹਨ ਕਿ ਅਫਸਰਸ਼ਾਹੀ ਨੂੰ ਹੁਕਮ ਦਿੱਤੇ ਹਨ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਐੱਨਓਸੀ ਜਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਆਗੂ ਦਿਲਬਾਗ ਸਿੰਘ ਤੇ ਸਤਵੰਤ ਸੇਠ ਨੇ ਪਾਰਟੀ ਉਮੀਦਵਾਰਾਂ ਵਾਸਤੇ ਐੱਨਓਸੀ ਲੈਣ ਲਈ ਈਓ ਦਫਤਰ ਵਿਖੇ ਪਹੁੰਚ ਕੀਤੀ ਅਤੇ ਇਹਨਾਂ ਆਗੂਆਂ ਨੇ ਲਿਖਤੀ ਤੌਰ ’ਤੇ ਦੱਸਿਆ ਕਿ ਜੇਕਰ ਹਾਊਸ ਟੈਕਸ ਜਾਂ ਕਿਸੇ ਵੀ ਹੋਰ ਤਰੀਕੇ ਦੇ ਸਰਟੀਫਿਕੇਟ ਵਿਚ ਕੋਈ ਉਣਤਾਈ ਹੈ ਤਾਂ ਸਾਨੂੰ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਜਾਏ ਪਾਰਟੀ ਆਗੂਆਂ ਦੀ ਗੱਲ ਸੁਣਨ ਦੇ ਈਓ ਆਪਣੇ ਦਫਤਰ ਤੋਂ ਹੀ ਭੱਜ ਗਿਆ, ਜਿੱਥੇ ਉਸ ਨੇ ਸ਼ਾਮ 5 ਵਜੇ ਤੱਕ ਰਹਿਣਾ ਸੀ। ਮਜੀਠੀਆ ਨੇ ਇਹ ਵੀ ਦੱਸਿਆ ਕਿ ਮਜੀਠਾ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਈਓ ਨੂੰ ਫੋਨ ਕਰਨ ਦਾ ਡਰਾਮਾ ਕਰ ਰਹੇ ਹਨ ਤੇ ਹੁਕਮ ਦੇ ਰਹੇ ਹਨ ਕਿ ਸਭ ਨੂੰ ਐੱਨਓਸੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਡਰਾਮਾ ਉਦੋਂ ਬੇਨਕਾਬ ਹੋ ਗਿਆ ਜਦੋਂ ਈਓ ਨੇ ਪੁੱਛਿਆ ਕਿ ਕੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਐੱਨਓ ਸੀ ਦੇਣੀ ਹੈ?। ਮਜੀਠੀਆ ਨੇ ਕਿਹਾ ਕਿ ਆਪ ਲੀਡਰਸ਼ਿਪ ਨੂੰ ਚੁਣੌਤੀ ਹੈ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾ ਕੇ ਵਿਖਾਉਣ ਫਿਰ ਲੋਕਾਂ ਦਾ ਫੈਸਲਾ ਸਾਹਮਣੇ ਆ ਜਾਵੇਗਾ। ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਵੋਟਰਾਂ ਦਾ ਮੌਲਿਕ ਅਧਿਕਾਰ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਗਰ ਕੌਂਸਲ ਚੋਣਾਂ ’ਤੇ ਸਰਕਾਰੀ ਪੈਸਾ ਤੇ ਸਮਾਂ ਬਰਬਾਦ ਕਰਨ ਦੀ ਥਾਂ ਆਪਣੇ ਉਮੀਦਵਾਰ ਹੀ ਨਾਮਜ਼ਦ ਕਰ ਲੈਣੇ ਚਾਹੀਦੇ ਹਨ।