ਯਾਤਰੂ ਘਟਣ ਨਾਲ ਧਾਰਮਿਕ, ਵਿਰਾਸਤੀ ਸਥਾਨ ਤੇ ਹੋਟਲਾਂ ’ਚ ਆਮਦ ਘਟੀ
ਗੁਰੂ ਨਗਰੀ ਯਾਤਰੂ ਘੱਟਣ ਨਾਲ ਧਾਰਮਿਕ ਤੇ ਵਿਰਾਸਤੀ ਸਥਾਨ ਅਤੇ ਹੋਟਲ ‘ਚ ਆਮਦ ਘਟੀ
Publish Date: Tue, 28 Apr 2026 06:27 PM (IST)
Updated Date: Wed, 29 Apr 2026 04:11 AM (IST)

ਧਾਰਮਿਕ ਸਥਾਨਾਂ ’ਤੇ 40, ਵਿਰਾਸਤੀ ਸਥਾਨਾਂ ’ਤੇ 50 ਤੇ ਹੋਟਲਾਂ ’ਚ 70 ਫੀਸਦੀ ਪਿਆ ਅਸਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਅੱਤ ਦੀ ਗਰਮੀ ਅਤੇ ਲੋਕਾਂ ਦੇ ਰੁਝੇਵਿਆਂ ਕਾਰਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਯਾਤਰੂਆਂ ਦੀ ਆਮਦ 40 ਫੀਸਦੀ ਘੱਟ ਗਈ ਹੈ। ਇਸ ਘਟੀ ਹੋਈ ਯਾਤਰੂਆਂ ਦੀ ਆਮਦ ਨੂੰ ਜਿੱਥੇ ਧਾਰਮਿਕ ਸਥਾਨਾਂ ’ਤੇ ਦਰਜ ਕੀਤਾ ਜਾ ਰਿਹਾ ਹੈ, ਉਥੇ ਹੀ ਵਿਰਾਸਤੀ ਸਥਾਨਾਂ ’ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧਾਰਮਿਕ ਸਥਾਨਾਂ ’ਤੇ 40 ਫੀਸਦੀ, ਵਿਰਾਸਤੀ ਸਥਾਨਾਂ ’ਤੇ 50 ਫੀਸਦੀ ਤੇ ਹੋਟਲਾਂ ’ਚ 70 ਫੀਸਦੀ ਇਸ ਦਾ ਅਸਰ ਪਿਆ ਹੈ। ਯਾਤਰੂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਸ੍ਰੀ ਰਾਮ ਤੀਰਥ ਆਦਿ ਵਿਖੇ ਘਟੇ ਹਨ, ਉਥੇ ਹੀ ਵਿਰਾਸਤੀ ਸਥਾਨਾਂ ’ਚ ਅਟਾਰੀ ਸਰਹੱਦ, ਜ਼ਲ੍ਹਿਆਵਾਲਾ ਬਾਗ, ਵਿਰਾਸਤੀ ਮਾਰਗ, ਪਾਰਟੀਸ਼ਨ ਮਿਊਜ਼ਿਅਮ ਆਦਿ ਵਿਖੇ ਘੱਟ ਪਹੁੰਚ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਂਣ ਵਾਲੇ ਯਾਤਰੂਆਂ ਦੇ ਘੱਟਣ ਦਾ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਹਨ। ਵਿਦੇਸ਼ਾਂ ਤੋਂ ਆਉਂਣ ਵਾਲੇ ਯਾਤਰੂਆਂ ਦਾ ਅਸਰ ਖਾੜੀ ਦੇਸ਼ਾਂ ’ਚ ਪੈਦਾ ਹੋਏ ਜੰਗ ਦੇ ਮਾਹੌਲ ਕਾਰਨ ਪਿਆ ਹੈ, ਜਦਕਿ ਬਾਹਰੀ ਸੂਬਿਆਂ ਤੋਂ ਆਉਂਣ ਵਾਲੇ ਯਾਤਰੂ ਬੱਚਿਆਂ ਦੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦੇ ਇੰਤਜ਼ਾਰ ’ਚ ਹਨ, ਜੋ ਕਿ ਸਾਊਥ ਦੇ ਸਕੂਲਾਂ ’ਚ ਪਹਿਲੀ ਮਈ ਨੂੰ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਤੋਂ ਆਉਂਣ ਵਾਲੇ ਯਾਤਰੂ ਕਣਕ ਦੀ ਫਸਲ ਦੀ ਸੰਭਾਲ ਕਾਰਨ ਇਨ੍ਹਾਂ ਦਿਨਾਂ ’ਚ ਘੱਟ ਜਾਂਦੇ ਹਨ। ਯਾਤਰੂਆਂ ਦੇ ਘੱਟਣ ਨਾਲ ਜਿਥੇ ਹੋਟਲ ਘਰਾਣਿਆਂ ਦੇ ਅਸਰ ਪਿਆ ਹੈ, ਉਥੇ ਹੀ ਖਾਣ-ਪੀਣ ਵਾਲੇ ਹੋਟਲਾਂ ਢਾਬਿਆਂ ਆਦਿ ਤੋਂ ਇਲਾਵਾ ਆਮ ਦੁਕਾਨਦਾਰਾਂ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਵਾਰੀਆਂ ਨੂੰ ਵੱਖ-ਵੱਖ ਸਥਾਨਾਂ ’ਤੇ ਪਹੁੰਚਾਉਂਣ ਲਈ ਸਵਾਰੀ ਰਿਕਸ਼ਾ, ਟੈਕਸੀਆਂ, ਆਟੋ ਰਿਕਸ਼ਾ, ਈ-ਰਿਕਸ਼ਾ ਆਦਿ ਦੇ ਚਾਲਕਾਂ ਦੇ ਕਾਰੋਬਾਰ ’ਤੇ ਵੀ ਅਸਰ ਪਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਇਨ੍ਹਾਂ ਦਿਨਾਂ ’ਚ ਖਾੜੀ ਦੇਸ਼ਾਂ ’ਚ ਪੈਦਾ ਹੋਏ ਜੰਗ ਦੇ ਮਾਹੌਲ, ਅੱਤ ਦੀ ਗਰਮੀ ਤੇ ਕਣਕ ਦੀ ਫਸਲ ਦੀ ਸੰਭਾਲ ਕਾਰਨ ਸੰਗਤਾਂ ਦੀ ਆਮਦ ‘ਤੇ 30 ਤੋਂ 35 ਫੀਸਦੀ ਅਸਰ ਪਿਆ ਹੈ, ਜੋ ਆਉਂਣ ਵਾਲੇ ਦਿਨਾਂ ’ਚ ਠੀਕ ਹੋ ਜਾਵੇਗਾ। ਵਾਲਡ ਸਿਟੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ’ਚ ਹਰ ਸਾਲ ਯਾਤਰੂਆਂ ਦੀ ਆਮਦ ਘੱਟਦੀ ਹੈ ਪਰ ਇਸ ਸਾਲ ਪਿਛਲੇ ਦਿਨਾਂ ਤੋਂ ਯਾਤਰੂਆਂ ਦੀ ਆਮਦ ਬਹੁਤ ਘੱਟੀ ਹੈ। ਕਈ ਦਿਨ ਤਾਂ ਨਾ-ਮਾਤਰ ਹੀ ਕੰਮ ਹੁੰਦਾ ਹੈ। ਆਮ ਦਿਨਾਂ ’ਚ 70 ਫੀਸਦੀ ਤੱਕ ਕੰਮ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਪਹਿਲੀ ਮਈ ਤੋਂ ਸਾਊਥ ਦੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਯਾਤਰੂ ਵੱਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੰਮਾਂ ਦੇ ਖਰਚ ਬਹੁਤ ਜ਼ਿਆਦਾ ਹਨ। ਕੰਮ ਘੱਟਣ ਨਾਲ ਖਰਚੇ ਪੂਰੇ ਕਰਨੇ ਵੀ ਮੁਸ਼ਕਿਲ ਹੋ ਜਾਂਦੇ ਹਨ। ਕਈ ਤਾਂ ਯਾਤਰੂਆਂ ਨਾਲ ਸਬੰਧਤ ਕੰਮ ਬੰਦ ਕਰ ਰਹੇ ਹਨ ਤੇ ਕਈ ਕੰਮ ਖੋਲ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਅਨੁਮਾਨ ਅਨੁਸਾਰ ਵਾਲਡ ਸਿਟੀ ’ਚ 650 ਦੇ ਕਰੀਬ ਸਰਾਵਾਂ, ਹੋਟਲ, ਗੈਸਟ ਹਾਊਸ, ਬੀ ਐਂਡ ਬੀ ਆਦਿ ਮੌਜੂਦ ਹਨ, ਜੋ ਯਾਤਰੂਆਂ ਦੀ ਆਮਦ ’ਤੇ ਨਿਰਭਰ ਹਨ। 650 ਦੇ ਕਰੀਬ ਹੀ ਬਾਕੀ ਸ਼ਹਿਰ ’ਚ ਹੋਟਲ, ਗੈਸਟ ਹਾਊਸ, ਬੀ ਐਂਡ ਬੀ ਆਦਿ ਮੌਜੂਦ ਹਨ, ਜਿਨ੍ਹਾਂ ਨੂੰ ਸ਼ਹਿਰ ’ਚ ਆਉਂਣ ਵਾਲੇ ਯਾਤਰੂਆਂ ਦਾ ਇੰਤਜ਼ਾਰ ਰਹਿੰਦਾ ਹੈ।