ਸੰਧੂ ਦੀ ਅਗਵਾਈ ’ਚ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਸੌਂਪਿਆ ਮੰਗ ਪੱਤਰ
ਸੰਧੂ ਦੀ ਅਗਵਾਈ ‘ਚ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਸੌਂਪਿਆ ਮੰਗ ਪੱਤਰ
Publish Date: Tue, 23 Sep 2025 06:07 PM (IST)
Updated Date: Wed, 24 Sep 2025 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ: ਅੰਮ੍ਰਿਤਸਰ: ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਕੌਂਸਲਰਾਂ ਦੇ ਇਕ ਵਫਦ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਗੁਰੂ ਨਗਰੀ ਵਿਚ ਗੰਦਗੀ, ਕੰਮ ਨਾ ਕਰਨ ਵਾਲੀਆਂ ਸਟਰੀਟ ਲਾਈਟਾਂ ਅਤੇ ਸੀਵਰੇਜ ਵਿਚ ਰੁਕਾਵਟਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅੰਮ੍ਰਿਤਸਰ ਦੀ ਤਰਸਯੋਗ ਹਾਲਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਆਪਣਾ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਭਾਜਪਾ ਕੌਂਸਲਰ ਕੌਂਸਲਰ ਗੌਰਵ ਗਿੱਲ, ਸੁਖਮਿੰਦਰ ਸਿੰਘ ਪਿੰਟੂ, ਡਾ. ਰਾਮ ਚਾਵਲਾ, ਕੁਮਾਰ ਅਮਿਤ, ਸਲਿਲ ਕਪੂਰ, ਪਰਮਜੀਤ ਸਿੰਘ ਬੱਤਰਾ, ਮਨਿੰਦਰ ਸਿੰਘ ਠੇਕੇਦਾਰ, ਕੌਂਸਲਰ ਅਮਨ ਐਰੀ, ਕੌਂਸਲਰ ਸ਼ਰੂਤੀ ਵਿਜ, ਰਾਜੇਸ਼ ਮਹਿਤਾ, ਰਾਜੀਵ ਅਰੋੜਾ ਆਦਿ ਸ਼ਾਮਲ ਸਨ। ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਅੰਮ੍ਰਿਤਸਰ ਵਿਚ ਸਫਾਈ ਦੀ ਸਥਿਤੀ ਤਰਸਯੋਗ ਹੈ। ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਕੂੜੇ ਦੇ ਢੇਰ ਆਮ ਦਿਖਾਈ ਦਿੰਦੇ ਹਨ। ਵਾਲ ਸਿਟੀ ਦੀਆਂ ਤੰਗ ਗਲੀਆਂ ਵਿਚ ਰਹਿਣ ਵਾਲੇ ਵਸਨੀਕਾਂ ਦੀ ਦੁਰਦਸ਼ਾ ਹੋਰ ਵੀ ਮਾੜੀ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਸੀਵਰੇਜ ਸਿਸਟਮ ਅਤੇ ਸਟਰੀਟ ਲਾਈਟਾਂ ਵੀ ਖਰਾਬ ਹਨ। ਕੂੜੇ ਦੇ ਢੇਰ ਹੈਜ਼ਾ, ਦਸਤ, ਡੇਂਗੂ ਬੁਖਾਰ, ਮਲੇਰੀਆ ਅਤੇ ਟੀਬੀ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਫੈਲਣ ਦਾ ਖਤਰਾ ਹਨ। ਅੰਮ੍ਰਿਤਸਰ ਵਿਚ ਮਾੜੀ ਸਫਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਅਸਥਾਨ ਅਤੇ ਵਾਹਗਾ ਸਰਹੱਦ ’ਤੇ ਆਉਣ ਵਾਲੇ ਸੈਲਾਨੀਆਂ ਲਈ ਗੁਰੂ ਨਗਰੀ ਸਮੇਤ ਪੰਜਾਬ ਦੀ ਮਾੜੀ ਤਸਵੀਰ ਪੇਸ਼ ਕਰਦੀ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਸ਼ਰਮ ਦੀ ਗੱਲ ਹੈ ਅਤੇ ਇਸ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਹਰਵਿੰਦਰ ਸਿੰਘ ਸੰਧੂ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਇਕ ਹਫਤੇ ਦੇ ਅੰਦਰ ਕੂੜਾ ਇਕੱਠਾ ਕਰਨਾ ਸ਼ੁਰੂ ਕਰਕੇ ਗੁਰੂਨਗਰੀ ਦੀ ਸਫਾਈ ਨੂੰ ਯਕੀਨੀ ਬਣਾਉਣ, ਤਾਂ ਜੋ ਸ਼ਹਿਰ ਵਾਸੀ ਚੰਗੀ ਸਿਹਤ ਅਤੇ ਸਾਫ ਵਾਤਾਵਰਣ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਤਿਉਹਾਰ ਮਨਾ ਸਕਣ।