ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਲ ਮਾਰਚ 10 ਨਵੰਬਰ ਨੂੰ ਹੋਵੇਗਾ ਸ਼ੁਰੂ
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਲ ਮਾਰਚ 10 ਨਵੰਬਰ ਨੂੰ ਸ਼ੁਰੂ ਹੋਵੇਗਾ ਪੈਦਲ ਮਾਰਚ: ਭਾਈ ਮੰਡ, ਸਖੀਰਾ
Publish Date: Tue, 02 Sep 2025 08:46 PM (IST)
Updated Date: Wed, 03 Sep 2025 04:10 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮਿ੍ਰਤਸਰ :
ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੈਂਬਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 20 ਸਤੰਬਰ ਨੂੰ ਕੱਢੇ ਜਾਣ ਵਾਲਾ ਪੈਦਲ ਮਾਰਚ ਹੁਣ 10 ਨਵੰਬਰ ਨੂੰ ਕੱਢਣ ਦਾ ਫੈਂਸਲਾ ਕੀਤਾ ਹੈ। ਇਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਉਪਰੋਕਤ ਜਾਣਕਾਰੀ ਭਾਈ ਧਿਆਨ ਸਿੰਘ ਮੰਡ, ਭਾਈ ਜਰਨੈਲ ਸਿੰਘ ਸਖੀਰਾ ਤੇ ਹੋਰਨਾਂ ਨੇ ਮੀਟਿੰਗ ਤੋਂ ਬਾਅਦ ਦਿੱਤੀ।
ਇਸ ਦੌਰਾਨ ਸਖੀਰਾ ਨੇ ਕਿਹਾ ਕਿ ਤਰੀਖ ਬਦਲਣ ਦਾ ਇਹ ਫੈਸਲਾ ਪੰਜਾਬ ਵਿਚ ਆਏ ਹੜ੍ਹਾ ਕਾਰਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਕਰੋਪੀ ਨਾਲ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅਜਿਹੇ ਵਿਚ ਹਰੇਕ ਪ੍ਰਕਾਰ ਦੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਪੀੜਤ ਪਰਿਵਾਰਾਂ ਦੀ ਸੇਵਾ ਸੰਭਾਲ ਕਰਨਾ ਹਰੇਕ ਦਾ ਫਰਜ਼ ਹੈ। ਇਸ ਸਥਿਤੀ ਵਿਚ ਮਾਰਚ ਕੱਢਣਾ ਮੁਨਾਸਿਬ ਨਹੀਂ ਹੈ। ਇਸ ਲਈ ਮੈਂਬਰਾਂ ਵੱਲੋਂ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕਰਕੇ 10 ਅਕਤੂਬਰ ਦਾ ਦਿਨ ਤਹਿ ਕੀਤਾ ਗਿਆ ਹੈ। ਇਸ ਮੌਕੇ ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਮਨਾਵਾ, ਬਾਬਾ ਹਰਬੰਸ ਸਿੰਘ ਚੈਨਪੁਰ, ਬਾਬਾ ਚਮਕੌਰ ਸਿੰਘ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।