ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਦੋ ਬਾਈਕ ਸਵਾਰ ਪੰਜ ਮੁਲਜ਼ਮਾਂ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਏਸੀਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੁੱਧਵਾਰ ਦੇਰ ਰਾਤ ਪੰਜਾਬ ਪੁਲਿਸ ਇੰਟੈਲੀਜੈਂਸ ਦਫਤਰ ਦੇ ਬਾਹਰ ਹੋਈ ਗੈਂਗਵਾਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਹਰਪ੍ਰੀਤ ਸਿੰਘ ਉਰਫ਼ ਗੰਜਾ ਗੰਭੀਰ ਜ਼ਖਮੀ ਹੋ ਗਿਆ। ਹਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਉਰਫ਼ ਪਿਕੀ ਦੀ ਪਿਛਲੇ ਸਾਲ ਦਸੰਬਰ ਵਿਚ ਗੈਂਗਸਟਰਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪਤਾ ਲੱਗਾ ਹੈ ਕਿ ਮੁਲਜ਼ਮ ਹਰਪ੍ਰੀਤ ਨੂੰ ਉਸ ਦੇ ਭਰਾ ਦੇ ਕਤਲ ਕੇਸ ਵਿਚ ਗਵਾਹੀ ਨਾ ਦੇਣ ਦੀ ਧਮਕੀ ਦੇ ਰਹੇ ਸਨ। ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਦੋ ਬਾਈਕ ਸਵਾਰ ਪੰਜ ਮੁਲਜ਼ਮਾਂ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਏਸੀਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮਾਰੇ ਗਏ ਈਸਟ ਮੋਹਨ ਨਗਰ ਵਾਸੀ ਲਵਿਸ਼ ਉਰਫ਼ ਨਮਿਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਉਰਫ਼ ਗੰਜਾ ਦਾ ਰਿਕਾਰਡ ਅਪਰਾਧਿਕ ਗਤੀਵਿਧੀਆਂ ਵਾਲਾ ਰਿਹਾ ਹੈ। 2012 ਵਿਚ ਉਸ ਨੇ ਆਪਣੇ ਸਾਥੀਆਂ ਅਤੇ ਭਰਾ ਗੁਰਪ੍ਰੀਤ ਸਿੰਘ ਉਰਫ਼ ਪਿੱਕੀ ਨਾਲ ਮਿਲ ਕੇ ਜੱਜੂ ਨਾਮਕ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਦੋਵਾਂ ਭਰਾਵਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਪਤਾ ਲੱਗਾ ਹੈ ਕਿ ਦੋਵੇਂ ਭਰਾ ਕਤਲ ਦੀ ਸਜ਼ਾ ਭੁਗਤਣ ਤੋਂ ਬਾਅਦ ਤਿੰਨ ਸਾਲ ਪਹਿਲਾਂ ਜੇਲ੍ਹ ਤੋਂ ਰਿਹਾਅ ਹੋ ਗਏ ਸਨ। ਇਸ ਤੋਂ ਬਾਅਦ ਜੱਜੂ ਦੇ ਸਾਥੀਆਂ ਸਚਿਨ ਅਤੇ ਹਨੀ ਨੇ 4 ਦਸੰਬਰ ਨੂੰ ਹਰਪ੍ਰੀਤ ਸਿੰਘ ਉਰਫ਼ ਗੰਜਾ ਦੇ ਭਰਾ ਗੁਰਪ੍ਰੀਤ ਸਿੰਘ ਉਰਫ਼ ਪਿੱਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਸਚਿਨ, ਰੋਮੀ ਅਤੇ ਹਨੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਸੀ। ਪਤਾ ਲੱਗਾ ਹੈ ਕਿ ਹਰਪ੍ਰੀਤ ਸਿੰਘ ਉਰਫ਼ ਗੰਜਾ ਕੇਸ ਦੀ ਪੈਰਵੀ ਕਰ ਰਿਹਾ ਸੀ। ਗਵਾਹੀਆਂ ਨਜ਼ਦੀਕ ਆਉਣ ਵਾਲੀਆਂ ਸੀ।
ਪਤਾ ਲੱਗਾ ਹੈ ਕਿ ਮੁਲਜ਼ਮ ਰੋਮੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਗੰਜਾ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਲਾਕਿ ਗੰਜਾ ਮੁਲਜ਼ਮ ਦੀ ਗੱਲ ਨਹੀਂ ਮੰਨ ਰਿਹਾ ਸੀ। ਹਰਪ੍ਰੀਤ ਗੰਜਾ ਨੂੰ ਪਹਿਲਾਂ ਵੀ ਇਸ ਮਾਮਲੇ ਸਬੰਧੀ ਧਮਕੀਆਂ ਮਿਲ ਚੁੱਕੀਆਂ ਹਨ। ਹਰਪ੍ਰੀਤ ਗੰਜਾ ਬੁੱਧਵਾਰ ਦੇਰ ਰਾਤ ਆਪਣੇ ਦੋਸਤ ਲਵਿਸ਼ ਉਰਫ ਨਿਮਿਸ਼ ਨਾਲ ਕ੍ਰੇਟਾ ਕਾਰ ਵਿਚ ਗੋਲਡਨ ਐਵੀਨਿਊ ਵੱਲ ਜਾ ਰਿਹਾ ਸੀ।
ਦੋ ਮੋਟਰਸਾਈਕਲਾਂ ’ਤੇ ਸਵਾਰ ਪੰਜ ਨੌਜਵਾਨਾਂ ਨੇ ਮਾਲ ਮੰਡੀ ਵਿਚ ਪੁਲਿਸ ਇੰਟੈਲੀਜੈਂਸ ਦਫਤਰ ਦੇ ਨੇੜੇ ਉਨ੍ਹਾਂ ਦੀ ਕ੍ਰੇਟਾ ਕਾਰ ਰੋਕੀ। ਮੁਲਜ਼ਮਾਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਲਵਿਸ਼ ਨੂੰ 14 ਗੋਲੀਆਂ ਲੱਗੀਆਂ ਅਤੇ ਹਰਪ੍ਰੀਤ ਗੰਜਾ ਨੂੰ ਤਿੰਨ ਗੋਲੀਆਂ ਲੱਗੀਆਂ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਭੱਜ ਗਏ। ਫਿਰ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਲਵਿਸ਼ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਦੇ ਪਿਤਾ ਪੁਲਿਸ ਵਿਭਾਗ ਤੋਂ ਏਐੱਸਆਈ ਵਜੋਂ ਸੇਵਾਮੁਕਤ ਹੋਏ ਸਨ। ਹਾਲਾਂਕਿ ਮਾੜੀ ਸੰਗਤ ਨਾਲ ਜੁੜੇ ਹੋਣ ਕਾਰਨ ਹਰਪ੍ਰੀਤ ਗੰਜਾ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣੇ ਸ਼ੁਰੂ ਹੋ ਗਏ।