Amritsar News : ਅਚਾਨਕ ਗੋਲ਼ੀ ਲੱਗਣ ਨਾਲ ਤਿੰਨ ਸਾਲ ਦੇ ਮਾਸੂਮ ਦੀ ਮੌਤ, ਪਰਿਵਾਰ 'ਚ ਮਾਤਮ ਦਾ ਮਾਹੌਲ
ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਛੇਹਰਟਾ ਥਾਣਾ ਇੰਚਾਰਜ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
Publish Date: Sat, 23 May 2026 08:56 PM (IST)
Updated Date: Sat, 23 May 2026 08:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਇਕ ਦੁਖਦਾਈ ਘਟਨਾ ਵਿਚ 3 ਸਾਲਾ ਬੱਚੇ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਸ਼ਿੰਗਾਰ ਐਵੀਨਿਊ 'ਤੇ ਵਾਪਰੀ, ਜਿੱਥੇ ਇਕ ਛੋਟੇ ਬੱਚੇ ਨੇ ਘਰ ਵਿਚ ਰੱਖੀ ਲਾਇਸੈਂਸੀ ਪਿਸਤੌਲ ਤੋਂ ਗਲਤੀ ਨਾਲ ਗੋਲ਼ੀ ਚਲਾ ਦਿੱਤੀ। ਗੋਲੀ ਇਕ ਹੋਰ ਬੱਚੇ ਵਿਚੋਂ ਆਰਪਾਰ ਲੰਘ ਗਈ ਅਤੇ ਨੇੜੇ ਖੜ੍ਹੀ ਉਸ ਦੀ ਦਾਦੀ ਨੂੰ ਵੀ ਲੱਗੀ।
ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਛੇਹਰਟਾ ਥਾਣਾ ਇੰਚਾਰਜ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਇਹ ਹਾਦਸਾ ਲਾਪ੍ਰਵਾਹੀ ਕਾਰਨ ਹੋਇਆ। ਫਿਲਹਾਲ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਮ੍ਰਿਤਕ ਬੱਚੇ ਦੀ ਪਛਾਣ 3 ਸਾਲਾ ਅੰਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਪਿਤਾ ਸਾਜਨ ਇਸਲਾਮਾਬਾਦ ਇਲਾਕੇ ਵਿਚ ਕਬਾੜ ਦਾ ਕੰਮ ਕਰਦਾ ਹੈ। ਉਹ ਸ਼ਨੀਵਾਰ ਸਵੇਰੇ ਬੱਚਿਆਂ ਦੇ ਪੀਟੀਐਮ ਲਈ ਸਕੂਲ ਗਏ ਸੀ ਅਤੇ ਆਪਣਾ ਲਾਇਸੈਂਸੀ ਪਿਸਤੌਲ ਆਪਣੇ ਨਾਲ ਲੈ ਗਏ ਸੀ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਸਾਜਨ ਨੇ ਕੱਪੜੇ ਬਦਲਦੇ ਸਮੇਂ ਲੋਡਿਡ ਪਿਸਤੌਲ ਬਿਸਤਰੇ 'ਤੇ ਰੱਖ ਦਿੱਤਾ।
ਇਸ ਦੌਰਾਨ ਖੇਡਦੇ ਸਮੇਂ ਮਾਸੂਮ ਬੱਚੇ ਨੇ ਪਿਸਤੌਲ ਚੁੱਕੀ ਅਤੇ ਅਚਾਨਕ ਟ੍ਰਿਗਰ ਦੱਬ ਗਿਆ। ਗੋਲੀ ਸਿੱਧੀ ਅੰਸ਼ ਨੂੰ ਲੱਗੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿਸਤੌਲ ਖੁੱਲ੍ਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਘਟਨਾ ਦੇ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਪਰਿਵਾਰ ਫਿਲਹਾਲ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲੀ ਅਚਾਨਕ ਚੱਲੀ ਹੈ। ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।