ਬੰਦੀ ਛੋੜ ਦਿਵਸ ਤੋਂ ਇਕ ਦਿਨ ਪਹਿਲਾਂ 20 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਿਸ ਦੌਰਾਨ ਨਿਹੰਗ ਸਿੰਘ ਦਲ ਪੰਥ, ਨਾਨਕਸਰ ਸੰਪਰਦਾ ਤੇ ਹੋਰ ਜਥੇਬੰਦੀਆਂ ਜਥੇਦਾਰ ਗੜਗੱਜ ਨੂੰ ਆਪਣੇ ਵੱਲੋਂ ਅਧਿਕਾਰਤ ਪ੍ਰਵਾਨਗੀ ਦੇ ਸਕਦੀਆਂ ਹਨ ਜੋ ਪਿਛਲੇ ਲਗਭਗ ਸੱਤ ਮਹੀਨਿਆਂ ਤੋਂ ਜਥੇਦਾਰ ਨਾਲ ਦੂਰੀ ਬਣਾ ਕੇ ਰੱਖ ਰਹੀਆਂ ਸਨ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : 10 ਮਾਰਚ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰ ਸਜਾਉਂਣ ਦੇ ਚੱਲ ਰਹੇ ਵਿਵਾਦ ਨੂੰ ਨਿਹੰਗ ਮੁਖੀਆਂ ਨੇ ਸਮਾਪਤ ਕਰਕੇ ਪੰਥਕ ਏਕਤਾ ਵੱਲ ਕਦਮ ਵਧਾਇਆ ਹੈ। ਸੂਤਰਾਂ ਮੁਤਾਬਿਕ 21 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਂਣ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਹੰਗ ਸਿੰਘਾਂ ਵੱਲੋਂ ਦਸਤਾਰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 20 ਅਕਤੂਬਰ ਨੂੰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਿਕ ਨਿਹੰਗ ਸਿੰਘ ਜਥੇਬੰਦੀਆਂ, ਨਾਨਕਸਰ ਸੰਪਰਦਾ ਤੇ ਹੋਰ ਜਥੇਬੰਦੀਆਂ ਬੰਦੀ ਛੋੜ ਦਿਵਸ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰਾਂ ਦੇ ਕੇ ਮਾਨਤਾ ਦੇਣ ਦੇ ਨਾਲ ਪੰਥਕ ਇਕਜੁੱਟਤਾ ਦਾ ਮਜਬੂਤ ਸੰਦੇਸ਼ ਦੇ ਸਕਦੀਆਂ ਹਨ।
ਬੰਦੀ ਛੋੜ ਦਿਵਸ ਤੋਂ ਇਕ ਦਿਨ ਪਹਿਲਾਂ 20 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਿਸ ਦੌਰਾਨ ਨਿਹੰਗ ਸਿੰਘ ਦਲ ਪੰਥ, ਨਾਨਕਸਰ ਸੰਪਰਦਾ ਤੇ ਹੋਰ ਜਥੇਬੰਦੀਆਂ ਜਥੇਦਾਰ ਗੜਗੱਜ ਨੂੰ ਆਪਣੇ ਵੱਲੋਂ ਅਧਿਕਾਰਤ ਪ੍ਰਵਾਨਗੀ ਦੇ ਸਕਦੀਆਂ ਹਨ ਜੋ ਪਿਛਲੇ ਲਗਭਗ ਸੱਤ ਮਹੀਨਿਆਂ ਤੋਂ ਜਥੇਦਾਰ ਨਾਲ ਦੂਰੀ ਬਣਾ ਕੇ ਰੱਖ ਰਹੀਆਂ ਸਨ।
ਸੇਵਾ ਸੰਭਾਲਣ ਤੋਂ ਬਾਅਦ ਜਥੇਦਾਰ ਗੜਗੱਜ ਨੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਫੇਰੀਆਂ ਦਰਮਿਆਣ ਵੀ ਵੱਖ-ਵੱਖ ਧਾਰਮਿਕ ਸਖਸ਼ੀਅਤਾਂ ਨੇ ਉਨ੍ਹਾਂ ਨੂੰ ਨੇੜਿਓ ਹੋ ਕੇ ਜਾਣਿਆ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਾਲ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਪੰਥ ਵਿਚ ਹਾਲਾਤ ਸੁਖਾਵੇਂ ਨਜ਼ਰ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਜਿਸ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਜੋਗਾ ਸਿੰਘ ਵਿਚਕਾਰ ਜਥੇਦਾਰ ਗੜਗੱਜ ਨੂੰ ਦਸਤਾਰਾਂ ਦੇਣ ਦੀ ਆਪਸੀ ਸਹਿਮਤੀ ਬਣ ਗਈ ਹੈ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦ ਹੀ ਅਧਿਕਾਰਤ ਸਮਾਗਮ ਰੱਖਣ ਦੀ ਸੰਭਾਵਨਾ ਵੀ ਨਜਰ ਆ ਰਹੀ ਹੈ। ਇਸ ਸਨਮਾਨ ਸਮਾਗਮ ਵਿਚ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਵੀ ਜਥੇਦਾਰ ਸ਼ਾਮਲ ਹੋ ਸਕਦੇ ਹਨ। ਇਸ ਮਾਮਲੇ ਵਿਚ ਦਮਦਮੀ ਟਕਸਾਲ ਦਾ ਰੁਖ ਸਪੱਸ਼ਟ ਨਹੀਂ ਹੋ ਸਕਿਆ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨਾਲ ਨੇੜਤਾ ਹੈ, ਜੋ ਦਮਦਮੀ ਟਕਸਾਲ ਨਾਲ ਰਾਬਤਾ ਕਰਕੇ ਪੰਥ ਵਿਚ ਇਕਜੁੱਟਤਾ ਲਈ ਯਤਨ ਕਰ ਰਹੇ ਹਨ।