ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸੀਆਈਏ ਸਟਾਫ ਨੇ ਸ਼ਨੀਵਾਰ ਸਵੇਰੇ ਖਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ, ਚਾਰ ਕਾਰਤੂਸ ਅਤੇ ਅਪਰਾਧ ਵਿਚ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸੀਆਈਏ ਸਟਾਫ ਨੇ ਸ਼ਨੀਵਾਰ ਸਵੇਰੇ ਖਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ, ਚਾਰ ਕਾਰਤੂਸ ਅਤੇ ਅਪਰਾਧ ਵਿਚ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ ਗੈਂਗਸਟਰ ਹੈਪੀ ਜੱਟ ਦੇ ਇਸ਼ਾਰੇ 'ਤੇ ਪੈਸੇ ਵਸੂਲਣ, ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਗੋਲ਼ੀਬਾਰੀ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਿਚ ਸ਼ਾਮਲ ਹਨ। ਐਸਐਸਪੀ ਸੋਹੇਲ ਮੀਰ, ਐਸਪੀ (ਡੀ) ਆਦਿੱਤਿਆ ਵਾਰੀਅਰ, ਡੀਐਸਪੀ (ਡੀ) ਗੁਰਿੰਦਰ ਪਾਲ ਸਿੰਘ ਨਾਗਰਾ ਅਤੇ ਇੰਸਪੈਕਟਰ ਮਨਮੀਤ ਪਾਲ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਪੁਲਿਸ ਲਾਈਨਜ਼ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਮ ਸਿੰਘ ਉਰਫ਼ ਰੋਮਨ ਵਾਸੀ ਮਾਨਾਂਵਾਲਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਠਠੀਆਂ ਜੰਡਿਆਲਾ ਗੁਰੂ, ਸਤਨਾਮ ਸਿੰਘ ਵਾਸੀ ਮਾਨਾਂਵਾਲਾ ਅਤੇ ਸਿਕੰਦਰ ਸਿੰਘ ਵਜੋਂ ਕੀਤੀ। ਮੁਲਜ਼ਮਾਂ ਨੇ 19 ਅਪ੍ਰੈਲ ਦੀ ਰਾਤ ਨੂੰ ਕਾਰੋਬਾਰੀ ਸੁਰਿੰਦਰ ਸਿੰਘ ਉਰਫ਼ ਸੋਨੂੰ ਜੰਡਿਆਲਾ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਈਆਂ ਸਨ। ਜਦੋਂ ਪੁਲਿਸ ਨੇ ਘਟਨਾ ਤੋਂ ਬਾਅਦ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਮਲਾ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਸ਼ੂਟਰਾਂ ਨੇ ਕੀਤਾ ਸੀ।
ਇਸ ਤੋਂ ਬਾਅਦ ਐੱਸਐੱਸਪੀ ਨੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਡੀਐੱਸਪੀ ਜੀਪੀਐੱਸ ਨਾਗਰਾ ਦੀ ਅਗਵਾਈ ਹੇਠ ਟੀਮਾਂ ਭੇਜੀਆਂ। ਚਾਰਾਂ ਨੂੰ ਸ਼ਨੀਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ, ਦੋ ਮੈਗਜ਼ੀਨ, ਚਾਰ ਕਾਰਤੂਸ ਅਤੇ ਬਾਈਕ ਬਰਾਮਦ ਕੀਤੀ ਗਈ।
ਸ਼ਿਕਾਇਤਕਰਤਾ ਸੁਰਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਗੈਂਗਸਟਰ ਹੈਪੀ ਜੱਟ ਉਸ ਤੋਂ ਵੀਹ ਲੱਖ ਰੁਪਏ ਮੰਗ ਰਿਹਾ ਸੀ। ਹਾਲਾਕਿ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਧਮਕੀ ਦਿੰਦੇ ਹੋਏ ਜੱਟ ਨੇ ਆਪਣੇ ਚਾਰ ਸਾਥੀਆਂ ਨੂੰ ਉਸ ਦੇ ਘਰ ਦੇ ਬਾਹਰ ਗੋਲ਼ੀ ਚਲਾਉਣ ਲਈ ਭੇਜਿਆ। ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਵਿਚ ਦੋ ਹੋਰ ਦੋਸ਼ੀ ਸ਼ਾਮਲ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।