Amritsar Crime : ਰੰਜਿਸ਼ ਦਾ ਭਿਆਨਕ ਰੂਪ, ਜ਼ਖ਼ਮੀ ਨੂੰ ਅੱਧਾ ਕਿਲੋਮੀਟਰ ਸਕੂਟਰੀ ਨਾਲ ਘੁਮਾਇਆ; ਫਿਰ ਗੋਲ਼ੀ ਮਾਰ ਕੇ ਲਈ ਜਾਨ
ਥਾਣਾ ਰਾਮਬਾਗ ਅਧੀਨ ਪੈਂਦੇ ਤਹਿਸੀਲਪੁਰਾ ਇਲਾਕੇ ’ਚ ਬੁੱਧਵਾਰ ਦੇਰ ਰਾਤ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਪਹਿਲਾਂ ਕੁਨਾਲ ਨਾਮ ਦੇ ਨੌਜਵਾਨ ’ਤੇ ਦਾਤਰ ਅਤੇ ਕਿਰਚਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਅਤੇ ਬਾਅਦ ’ਚ ਗੋਲੀ ਮਾਰ ਕੇ ਫਰਾਰ ਹੋ ਗਏ।
Publish Date: Thu, 14 May 2026 08:31 PM (IST)
Updated Date: Thu, 14 May 2026 08:39 PM (IST)
ਨਵੀਨ ਰਾਜਪੂਤ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਰਾਮਬਾਗ ਅਧੀਨ ਪੈਂਦੇ ਤਹਿਸੀਲਪੁਰਾ ਇਲਾਕੇ ’ਚ ਬੁੱਧਵਾਰ ਦੇਰ ਰਾਤ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਪਹਿਲਾਂ ਕੁਨਾਲ ਨਾਮ ਦੇ ਨੌਜਵਾਨ ’ਤੇ ਦਾਤਰ ਅਤੇ ਕਿਰਚਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਅਤੇ ਬਾਅਦ ’ਚ ਗੋਲੀ ਮਾਰ ਕੇ ਫਰਾਰ ਹੋ ਗਏ। ਤੁੰਗ ਬਾਲਾ ਨਿਵਾਸੀ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਵੰਸ਼ ਅਤੇ ਉਸ ਦੇ 15 ਤੋਂ 20 ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਨਾਲ ਬੁੱਧਵਾਰ ਰਾਤ ਕਰੀਬ 9 ਵਜੇ ਘਰ ਤੋਂ ਮੋਮੋਜ਼ ਲੈਣ ਲਈ ਗਿਆ ਸੀ। ਰਾਤ 10 ਵਜੇ ਉਸ ਨਾਲ ਫੋਨ ’ਤੇ ਗੱਲ ਹੋਈ ਸੀ ਅਤੇ ਉਸ ਨੇ ਜਲਦੀ ਘਰ ਆਉਣ ਦੀ ਗੱਲ ਕਹੀ ਸੀ। ਸਵੇਰੇ ਕਰੀਬ ਸਾੜੇ 8 ਵਜੇ ਥਾਣਾ ਰਾਮਬਾਗ ਪੁਲਿਸ ਨੇ ਫੋਨ ਕਰਕੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਬਾਰੇ ਜਾਣਕਾਰੀ ਦਿੱਤੀ। ਮੌਕੇ ’ਤੇ ਪਹੁੰਚ ਕੇ ਪਰਿਵਾਰ ਨੇ ਲਾਸ਼ ਦੀ ਪਛਾਣ ਕੁਨਾਲ ਵਜੋਂ ਕੀਤੀ।
ਪਰਿਵਾਰ ਮੁਤਾਬਕ ਵੰਸ਼ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਤਹਿਸੀਲਪੁਰਾ ਇਲਾਕੇ ’ਚ ਕੁਨਾਲ ’ਤੇ ਹਮਲਾ ਕੀਤਾ। ਜਦੋਂ ਉਹ ਅਧਮਰਾ ਹੋ ਗਿਆ ਤਾਂ ਮੁਲਜ਼ਮ ਉਸ ਨੂੰ ਐਕਟਿਵਾ ’ਤੇ ਬਿਠਾ ਕੇ ਤਹਿਸੀਲਪੁਰਾ ਤੋਂ ਰਾਣੀ ਬਾਜ਼ਾਰ ਤੱਕ ਘੁਮਾਉਂਦੇ ਰਹੇ। ਬਾਅਦ ’ਚ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਵੀਡੀਓ ਸ਼ੂਟ ਨੂੰ ਲੈ ਕੇ ਹੋਇਆ ਸੀ ਵਿਵਾਦ
ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੰਸ਼ ਅਤੇ ਕੁਨਾਲ ਇਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਵਿਚਕਾਰ ਕਿਸੇ ਵੀਡੀਓ ਸ਼ੂਟ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਇਹ ਵਾਰਦਾਤ ਵਾਪਰੀ।