ਕਰਨਾਲ ਦੇ ਦੋ ਸ਼ੂਟਰਾਂ ਦਾ ਐਨਕਾਊਂਟਰ, ਲੱਤ ’ਚ ਗੋਲ਼ੀ ਮਾਰ ਕੇ ਕੀਤੇ ਜ਼ਖ਼ਮੀ
ਕਰਨਾਲ ਦੇ ਦੋ ਸ਼ੂਟਰਾਂ ਦਾ ਐਨਕਾਊਂਟਰ, ਲੱਤ ’ਚ ਗੋਲੀ ਮਾਰ ਕੇ ਕੀਤਾ ਜਖਮੀ
Publish Date: Sun, 19 Oct 2025 07:18 PM (IST)
Updated Date: Mon, 20 Oct 2025 04:03 AM (IST)

* ਵੈਲਡਰ ਨੂੰ ਗੋਲ਼ੀ ਮਾਰਨ ਵਾਲੇ ਮੁਲਜ਼ਮਾਂ ਨੂੰ ਹਰਿਆਣਾ ਤੋਂ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ * ਲੁਕਾ ਕੇ ਰੱਖੇ ਦੋ ਪਿਸਤੌਲਾਂ ਦੀ ਬਰਾਮਦਗੀ ਲਈ ਦੋ ਮੁਲਜ਼ਮਾਂ ਨੂੰ ਰਮਦਾਸ ਲਿਆਈ ਸੀ ਪੁਲਿਸ * ਇਟਲੀ ’ਚ ਹੋਈ ਸੀ ਸ਼ੂਟਰਾਂ ਦੀ ਫੰਡਿੰਗ, ਗੈਂਗਸਟਰ ਜੀਵਨ ਫੌਜੀ ਦੇ ਗੁਰਗੇ ਨੇ ਤਿੰਨੇ ਮੁਲਜ਼ਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਆਜ਼ਾਦ ਤੇ ਅਭਿਸ਼ੇਕ ਨੇ ਲੁਕੋ ਕੇ ਰੱਖੀਆਂ ਪਿਸਤੌਲਾਂ ਦੀ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਡੀਐੱਸਪੀ (ਡੀ) ਗੁਰਿੰਦਰ ਪਾਲ ਸਿੰਘ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਨੇ ਸ਼ਨਿਚਰਵਾਰ ਸ਼ਾਮ ਨੂੰ ਕਰਨਾਲ ’ਚ ਛਾਪਾ ਮਾਰਿਆ ਤੇ ਸ਼ਿਵ ਕਾਲੋਨੀ ਵਾਸੀ ਅਭਿਸ਼ੇਕ, ਆਜ਼ਾਦ ਤੇ ਤਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਠ ਅਕਤੂਬਰ ਨੂੰ ਤਿੰਨਾਂ ਮੁਲਜ਼ਮਾਂ ਨੇ ਰਮਦਾਸ ਵਾਸੀ ਕੰਵਲਜੀਤ ਸਿੰਘ ਉਰਫ਼ ਕੱਲੂ ਨੂੰ ਛਾਤੀ ’ਚ ਗੋਲ਼ੀ ਮਾਰੀ ਸੀ। ਕੱਲੂ ਘਟਨਾ ਦੌਰਾਨ ਫਤਿਹਗੜ੍ਹ ਚੂੜੀਆਂ-ਰਮਦਾਸ ਰੋਡ ਤੇ ਮੌਜੂਦ ਸੀ। ਕੱਲੂ ਪੇਸ਼ੇ ਤੋਂ ਵੈਲਡਰ ਹੈ। ਸੀਸੀਟੀਵੀ ਫੁਟੇਜ ਰਾਹੀਂ ਤਿੰਨਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਘਟਨਾ ਤੋਂ ਬਾਅਦ ਰਮਦਾਸ ਦੇ ਇਕ ਸੁੰਨਸਾਨ ਇਲਾਕੇ ’ਚ ਦੋ ਪਿਸਤੌਲਾਂ ਲੁਕਾਈਆਂ ਹਨ। ਇਸ ਤੋਂ ਬਾਅਦ ਇੰਸਪੈਕਟਰ ਅਮਨਦੀਪ ਸਿੰਘ ਆਪਣੀ ਟੀਮ ਨਾਲ ਐਤਵਾਰ ਦੁਪਹਿਰ 12 ਵਜੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਟਿਕਾਣੇ ਤੇ ਪਿਸਤੌਲਾਂ ਦੀ ਬਰਾਮਦਗੀ ਲਈ ਆਪਣੇ ਨਾਲ ਲੈ ਗਿਆ। ਹਥਿਆਰ ਲੱਭਣ ਲਈ ਦੋਵਾਂ ਮੁਲਜ਼ਮਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ। ਜਿਵੇਂ ਹੀ ਮੁਲਜ਼ਮ ਅਭਿਸ਼ੇਕ ਨੂੰ ਝਾੜੀਆਂ ’ਚ ਲੁਕਾਇਆ ਗਿਆ ਪਿਸਤੌਲ ਮਿਲਿਆ ਤਾਂ ਉਸ ਨੇ ਪੁਲਿਸ ਤੇ ਗੋਲ਼ੀਬਾਰੀ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਆਪਣਾ ਬਚਾਅ ਕੀਤਾ ਤੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮਾਂ ਦੀਆਂ ਲੱਤਾਂ ’ਤੇ ਦੋ ਗੋਲ਼ੀਆਂ ਚਲਾਈਆਂ, ਜਿਸ ਨਾਲ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਐੱਸਐੱਸਪੀ ਨੇ ਦੱਸਿਆ ਕਿ ਵੈਲਡਰ ਤੇ ਗੋਲ਼ੀਬਾਰੀ ਆਕਾਸ਼, ਮੂਲ ਰੂਪ ’ਚ ਰਾਮਦਾਸ ਵਾਸੀ ਤੇ ਇਸ ਸਮੇਂ ਇਟਲੀ ’ਚ ਰਹਿ ਰਿਹਾ ਹੈ, ਨੇ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਵਿਦੇਸ਼ੀ ਗੈਂਗਸਟਰ ਜੀਵਨ ਫ਼ੌਜੀ ਦੇ ਗੁਰਗੇ ਹਨ। ਆਕਾਸ਼ ਨੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ’ਚ 1.25 ਲੱਖ ਰੁਪਏ ਮੁਹੱਈਆ ਕਰਵਾਏ ਸਨ। ਪਤਾ ਲੱਗਾ ਹੈ ਕਿ ਕਰਨਾਲ ਵਾਸੀ ਦੋਵੇਂ ਸ਼ੂਟਰ ਆਜ਼ਾਦ ਤੇ ਅਭਿਸ਼ੇਕ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਹਾਲਾਕਿ ਇੰਸਪੈਕਟਰ ਅਮਨਦੀਪ ਰੰਧਾਵਾ ਦੀ ਟੀਮ ਨੇ ਆਪਣੀ ਹੁਸ਼ਿਆਰੀ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਡੀਆਈਜੀ ਨਾਨਕ ਸਿੰਘ ਤੇ ਐੱਸਐੱਸਪੀ ਮਨਿੰਦਰ ਸਿੰਘ ਨੇ ਇੰਸਪੈਕਟਰ ਅਮਨਦੀਪ ਰੰਧਾਵਾ ਨੂੰ ਸਨਮਾਨਿਤ ਕੀਤਾ।