ਅੰਮ੍ਰਿਤਸਰ 'ਚ 15 ਤੋਂ ਸ਼ੁਰੂ ਹੋਵੇਗਾ ਤਿੰਨ ਰੋਜ਼ਾ ਸੂਫੀ ਫੈਸਟੀਵਲ, ਵੱਡੇ ਸੂਫੀ ਫਨਕਾਰ ਕਰਨਗੇ ਮਨੋਰੰਜਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਤੋਂ 17 ਮਾਰਚ ਤੱਕ ਤਿੰਨ ਰੋਜ਼ਾ ਸੂਫੀ ਫੈਸਟੀਵਲ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨੂਰਾਂ ਸਿਸਟਰਜ਼, ਮਾਸਟਰ ਸਲੀਮ, ਫਿਰੋਜ਼ ਖਾਨ, ਮਾਸ਼ਾ ਅਲੀ, ਅਕੀਦਤ, ਰਾਣੀ ਰਣਦੀਪ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
Publish Date: Sat, 11 Mar 2023 07:56 PM (IST)
Updated Date: Sun, 12 Mar 2023 12:02 AM (IST)
ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਤੋਂ 17 ਮਾਰਚ ਤੱਕ ਤਿੰਨ ਰੋਜ਼ਾ ਸੂਫੀ ਫੈਸਟੀਵਲ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨੂਰਾਂ ਸਿਸਟਰਜ਼, ਮਾਸਟਰ ਸਲੀਮ, ਫਿਰੋਜ਼ ਖਾਨ, ਮਾਸ਼ਾ ਅਲੀ, ਅਕੀਦਤ, ਰਾਣੀ ਰਣਦੀਪ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਦਿੰਦੇ ਐੱਸਡੀਐੱਮ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 15 ਅਤੇ 16 ਮਾਰਚ ਨੂੰ ਦਾਖਲਾ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦਕਿ 17 ਮਾਰਚ ਨੂੰ ਕੇਵਲ ਜੀ-20 ਲਈ ਵਿਦੇਸ਼ਾਂ ਤੋਂ ਆਏ ਮਹਿਮਾਨ ਹੀ ਇਸ ਪ੍ਰੋਗਰਾਮ ਦਾ ਅਨੰਦ ਲੈਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤਕ ਦਾ ਹੋਵੇਗਾ ਅਤੇ ਪ੍ਰੋਗਰਾਮ ਆਮ ਲੋਕਾਂ ਲਈ ਵੀ ਮੁਫ਼ਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਇਸ ਤੋਂ ਪਹਿਲਾਂ ਇਹ ਫੈਸਟੀਵਲ ਕੋਰੋਨਾ ਤੋਂ ਪਹਿਲਾਂ ਕਰਵਾਇਆ ਗਿਆ ਸੀ ਅਤੇ ਹੁਣ ਸਾਡੀ ਇੱਛਾ ਇਸ ਸੂਫੀ ਫੈਸਟੀਵਲ ਨੂੰ ਸਾਲਾਨਾ ਮੇਲੇ ਵਿਚ ਬਦਲਣ ਦੀ ਹੈ। ਉਨ੍ਹਾਂ ਕਿਹਾ ਕਿ ਸੂਫੀ ਕਾਵਿ ਪੰਜਾਬ ਸਾਹਿਤ ਇਤਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਦੇ ਮੋਢੀ ਕਲਮਕਾਰਾਂ ਵਿਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲੇ ਸ਼ਾਹ, ਹਾਸ਼ਮ ਸ਼ਾਹ, ਗੁਲਾਮ ਫਰੀਦ ਵਰਗੇ ਵੱਡੇ ਸੂਫੀ ਕਵੀ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਸੰਗੀਤ ਦੀ ਇਸ ਸੂਖਮ ਕਲਾ ਜ਼ਰੀਏ ਸੁਹਜ, ਸੁਆਦ ਅਤੇ ਚੰਗੇ ਜੀਵਨ ਦੀ ਪ੍ਰੇਰਨਾ ਦਿੱਤੀ ਜਾਵੇ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਇਸ ਸੂਫੀ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।