ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਕਰਵਾਈ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ,ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਭਾਰਤ ਦੀ ਸਰਵਉੱਚ ਸਾਹਿਤਕ ਸੰਸਥਾ ਸਾਹਿਤ
Publish Date: Sun, 19 Apr 2026 04:40 PM (IST)
Updated Date: Sun, 19 Apr 2026 04:42 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ,ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਭਾਰਤ ਦੀ ਸਰਵਉੱਚ ਸਾਹਿਤਕ ਸੰਸਥਾ ਸਾਹਿਤ ਅਕਾਦੇਮੀ,ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ਉੱਤੇ ਇਕ ਅਕਾਦਮਿਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦਾ ਮੁੱਖ ਵਿਸ਼ਾ ‘ਨਵਤੇਜ ਸਿੰਘ ਰਚਿਤ ਸਾਹਿਤ : ਪਾਸਾਰ ਅਤੇ ਪ੍ਰਸੰਗਕਿਤਾ’ ਸੀ। ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।ਸਮਾਗਮ ਵਿੱਚ ਹਿਰਦੇਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੂਨਮ ਪ੍ਰੀਤਲੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਤ ਅਕਾਦੇਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਗੋਸ਼ਟੀ ਵਿਚ ਮੁੱਢਲੇ ਸ਼ਬਦ ਪੇਸ਼ ਕਰਦਿਆਂ ਕਿਹਾ ਕਿ ਕਿਸੇ ਵੀ ਮਹਾਂ-ਦੁਖਾਂਤ ਨੂੰ ਸਿਰਜਣ ਦੀ ਜੋ ਸਮਰੱਥਾ ਨਵਤੇਜ ਸਿੰਘ ਵਿਚ ਨਜ਼ਰ ਆਉਂਦੀ ਹੈ ਉਹ ਉਸਦੇ ਕਿਸੇ ਹੋਰ ਸਮਕਾਲੀ ਵਿਚ ਦਿਖਾਈ ਨਹੀਂ ਦਿੰਦੀ। ਉਹ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਇਕ ਪ੍ਰਮਾਣਿਕ ਲੇਖਕ ਸਨ। ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਕੀਤੀ। ਉਨ੍ਹਾਂ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਨਵਤੇਜ ਸਿੰਘ ਅਜਿਹੇ ਕਹਾਣੀਕਾਰ ਸਨ ਜਿੰਨ੍ਹਾਂ ਨੇ ਵਿਰਾਸਤ ਵਿਚ ਪ੍ਰਾਪਤ ਸੁਖ਼ਨ ਦੀ ਪਰੰਪਰਾ ਦਾ ਗੌਰਵ ਬਰਕਰਾਰ ਰੱਖਿਆ। ਉਹਨਾਂ ਸੰਬੰਧੀ ਇਹ ਗੋਸ਼ਟੀ ਨਿਸ਼ਚਿਤ ਰੂਪ ਵਿਚ ਉਹਨਾਂ ਪੱਖਾਂ ਨੂੰ ਉਜਾਗਰ ਕਰੇਗੀ ਜਿਹੜੇ ਹੁਣ ਤੱਕ ਆਮ ਪਾਠਕਾਂ ਦੀ ਨਜ਼ਰ ਤੋਂ ਅਣਗੌਲੇ ਰਹਿ ਗਏ ਹਨ। ਇਸ ਸੈਸ਼ਨ ਵਿਚ ਖ਼ਾਸ ਖਿੱਚ ਦਾ ਕੇਂਦਰ ਨਵਤੇਜ ਸਿੰਘ ਦੀ ਮਸ਼ਹੂਰ ਕਹਾਣੀ ‘ਬਸ਼ੀਰਾ’ ਉੱਤੇ ਆਧਾਰਿਤ ਇੱਕ ਸ਼ਾਰਟ ਫ਼ਿਲਮ ਰਹੀ ਜਿਸ ਦਾ ਨਿਰਮਾਣ ਨਵਤੇਜ ਸਿੰਘ ਦੀ ਪੋਤਰੀ ਰਤਿਕਾ ਸਿੰਘ ਵੱਲੋਂ ਕੀਤਾ ਗਿਆ। ਇਸ ਫ਼ਿਲਮੀ ਪੇਸ਼ਕਾਰੀ ਨੇ ਦੇਸ਼ ਵੰਡ ਦੇ ਸੰਦਰਭ ਵਿਚ ਨਵਤੇਜ ਸਿੰਘ ਦੇ ਸਾਹਿਤਕ ਪਾਤਰਾਂ ਦੀ ਮਾਨਸਿਕਤਾ ਨੂੰ ਪਰਦੇ ਉੱਤੇ ਬਾਖ਼ੂਬੀ ਪੇਸ਼ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾਵਾਂ ਦੇ ਸਾਬਕਾ ਡੀਨ ਡਾ.ਧਨਵੰਤ ਕੌਰ ਨੇ ਕੁੰਜੀਵਤ ਭਾਸ਼ਣ ਰਾਹੀਂ ਨਵਤੇਜ ਸਿੰਘ ਦੀਆਂ ਲਿਖਤਾਂ ਦੇ ਵੱਖ ਵੱਖ ਪਾਸਾਰਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਇਸ ਮੌਕੇ ਉੱਤੇ ਇਸ ਸਮਾਗਮ ਵਿਚ ਡਾ. ਹਰਿੰਦਰ ਕੌਰ ਸੋਹਲ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਸੁਨੀਲ ਕੁਮਾਰ (ਮੁਖੀ, ਹਿੰਦੀ ਵਿਭਾਗ), ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜਕੁਮਾਰ, ਹਰਦੀਪ ਸਿੰਘ ਦੀਪ ਅਤੇ ਖੋਜਾਰਥੀ ਸਮੇਤ ਪੰਜਾਬੀ ਸਾਹਿਤ ਜਗਤ ਦੇ ਵਿਦਵਾਨ ਅਤੇ ਮਾਹਿਰ ਇਸ ਸਮਾਗਮ ਵਿੱਚ ਸ਼ਾਮਲ ਹੋਏ।