ਤੰਦਰੁਸਤੀ ਲਈ ਚੰਗੀ ਜੀਵਨ ਸ਼ੈਲੀ ਤੇ ਸਿਹਤ ਦਾ ਸੰਤੁਲਨ ਜ਼ਰੂਰੀ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ ਦੇ ਤੇਜ਼ ਰਫ਼ਤਾਰ ਵਾਲੇ ਸਮੇਂ ਵਿਚ ਮਨੁੱਖ ਆਪਣੀ ਸਿਹਤ ਨਾਲ ਸਭ ਤੋਂ ਵੱਡੀ ਲਾਪ੍ਰਵਾਹੀ ਕਰ ਰਿਹਾ ਹੈ। ਟੈਕਨਾਲੋਜੀ ਦੇ ਵਿਕਾਸ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਤਾਂ ਬਣਾ ਦਿੱਤਾ ਹੈ
Publish Date: Sun, 19 Apr 2026 04:36 PM (IST)
Updated Date: Sun, 19 Apr 2026 04:39 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ ਦੇ ਤੇਜ਼ ਰਫ਼ਤਾਰ ਵਾਲੇ ਸਮੇਂ ਵਿਚ ਮਨੁੱਖ ਆਪਣੀ ਸਿਹਤ ਨਾਲ ਸਭ ਤੋਂ ਵੱਡੀ ਲਾਪ੍ਰਵਾਹੀ ਕਰ ਰਿਹਾ ਹੈ। ਟੈਕਨਾਲੋਜੀ ਦੇ ਵਿਕਾਸ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਤਾਂ ਬਣਾ ਦਿੱਤਾ ਹੈ, ਪਰ ਇਸ ਨਾਲ ਸਾਡੀ ਜੀਵਨ ਸ਼ੈਲੀ ਬਹੁਤ ਹੀ ਬੈਠਕਦਾਰ (ਸੈਨਟਰੀ) ਹੋ ਗਈ ਹੈ। ਇਹ ਪ੍ਰਗਟਾਵਾ ਟਰੈਨਕੁਇਲ ਡਾਇਟ ਕਲੀਨਿਕ ਦੇ ਫਾਊਂਡਰ ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਗੱਲਬਾਤ ਕਰਦਿਆਂ ਕੀਤਾ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਲੋਕ ਘੰਟਿਆਂ ਮੋਬਾਈਲ, ਲੈਪਟਾਪ ਅਤੇ ਟੀਵੀ ਸਾਹਮਣੇ ਬੈਠੇ ਰਹਿੰਦੇ ਹਨ, ਜਿਸ ਨਾਲ ਮੋਟਾਪਾ, ਡਾਇਬੀਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਖਾਣ-ਪੀਣ ਦੀਆਂ ਆਦਤਾਂ ਵਿਚ ਵੀ ਵੱਡਾ ਬਦਲਾਅ ਆਇਆ ਹੈ। ਜੰਕ ਫੂਡ, ਪ੍ਰੋਸੈਸਡ ਖਾਣਾ ਅਤੇ ਮਿੱਠੀਆਂ ਪੀਣ ਵਾਲੀਆਂ ਚੀਜ਼ਾਂ ਦੀ ਵਰਤੋਂ ਵੱਧ ਰਹੀ ਹੈ, ਜਦਕਿ ਤਾਜ਼ੇ ਫਲ, ਸਬਜ਼ੀਆਂ ਅਤੇ ਘਰੇਲੂ ਖਾਣੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਸਾਰੇ ਕਾਰਨ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਸਮੱਸਿਆ ਦਾ ਹੱਲ ਸੌਖਾ ਹੈ, ਪਰ ਲੋੜ ਜਾਗਰੂਕਤਾ ਅਤੇ ਅਨੁਸ਼ਾਸਨ ਦੀ ਹੈ। ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਕਸਰਤ ਸ਼ਾਮਲ ਕਰਨੀ ਚਾਹੀਦੀ ਹੈ, ਚਾਹੇ ਉਹ ਸਿਰਫ਼ 30 ਮਿੰਟ ਦੀ ਟਹਿਲ ਹੀ ਕਿਉਂ ਨਾ ਹੋਵੇ। ਨਾਲ ਹੀ, ਸੰਤੁਲਿਤ ਆਹਾਰ ਲੈਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਜ਼ ਪ੍ਰਚੂਰ ਮਾਤਰਾ ਵਿੱਚ ਹੋਣ। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਓਨਾ ਹੀ ਮਹੱਤਵਪੂਰਨ ਹੈ। ਯੋਗਾ, ਧਿਆਨ ਅਤੇ ਪੂਰੀ ਨੀਂਦ ਮਨ ਨੂੰ ਸ਼ਾਂਤ ਅਤੇ ਤੰਦਰੁਸਤ ਰੱਖਦੇ ਹਨ। ਅਖੀਰ ਵਿਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਸਿਹਤ ਹੀ ਅਸਲੀ ਧਨ ਹੈ’। ਡਾਇਟੀਸ਼ੀਅਨ ਦਿਸ਼ਾ ਖੋਸਲਾ ਨੇ ਕਿਹਾ ਕਿ ਜੇ ਅਸੀਂ ਆਪਣੀ ਜੀਵਨ ਸ਼ੈਲੀ ਵਿੱਚ ਛੋਟੇ-ਛੋਟੇ ਬਦਲਾਅ ਕਰੀਏ, ਤਾਂ ਅਸੀਂ ਇਕ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਜੀ ਸਕਦੇ ਹਾਂ।