ਜੀਐੱਨਡੀਯੂ ਨੇ ਕੌਮੀ ਤੇ ਵਿਸ਼ਵ ਪੱਧਰੀ ਰੈਂਕਿੰਗ ’ਚ ਹਾਸਲ ਕੀਤੀਆਂ ਨਵੀਆਂ ਉੱਚਾਈਆਂ
ਜੀਐੱਨਡੀਯੂ ਨੇ ਕੌਮੀ ਤੇ ਵਿਸ਼ਵ ਪੱਧਰੀ ਰੈਂਕਿੰਗ ’ਚ ਹਾਸਲ ਕੀਤੀਆਂ ਨਵੀਆਂ ਉੱਚਾਈਆਂ
Publish Date: Tue, 26 May 2026 04:21 PM (IST)
Updated Date: Tue, 26 May 2026 04:22 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਵਾਰ ਫਿਰ ਸ਼ਾਨਦਾਰ ਸਫਲਤਾ ਹਾਸਲ ਕਰਦਿਆਂ ਪ੍ਰਸਿੱਧ ਦ ਵੀਕ–ਹੰਸਾ ਰੀਸਰਚ ਬੈਸਟ ਯੂਨੀਵਰਸਿਟੀਜ਼ ਸਰਵੇ 2026 ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਯੂਨੀਵਰਸਿਟੀ ਲਗਾਤਾਰ ਅਕਾਦਮਿਕ ਤਰੱਕੀ ਅਤੇ ਰਾਸ਼ਟਰੀ ਪਛਾਣ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਦ ਵੀਕ –ਹੰਸਾ ਰੀਸਰਚ ਸਰਵੇ 2026 ਅਨੁਸਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਪੱਧਰ ‘ਤੇ ਮਲਟੀ-ਡਿਸ਼ਪਲਿਨਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿਚ 14ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਯੂਨੀਵਰਸਿਟੀ ਖੇਤਰ ਦੀ ਸਭ ਤੋਂ ਉੱਚੀ ਰੈਂਕ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ 15ਵਾਂ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਦੇਸ਼ ਭਰ ਵਿੱਚ 23ਵਾਂ ਸਥਾਨ ਮਿਲਿਆ ਹੈ। ਨਾਰਥ ਜ਼ੋਨ ਰੈਂਕਿੰਗ ਵਿੱਚ ਵੀ ਯੂਨੀਵਰਸਿਟੀ ਨੇ 6ਵਾਂ ਸਥਾਨ ਹਾਸਲ ਕਰਦਿਆਂ ਪੰਜਾਬ ਯੂਨੀਵਰਸਿਟੀ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੂੰ 7ਵਾਂ ਸਥਾਨ ਪ੍ਰਾਪਤ ਹੋਇਆ। ਇਸ ਸ਼੍ਰੇਣੀ ਵਿਚ ਕੇਵਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਦਿੱਲੀ, ਬਨਾਰਸ ਹਿੰਦੂ ਯੂਨੀਵਰਸਿਟੀ , ਬਨਾਸਥਾਲੀ ਵਿਿਦਆਪੀਠ ਅਤੇ ਅਮਿਟੀ ਯੂਨੀਵਰਸਿਟੀ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉੱਪਰ ਰਹੇ ਹਨ। ਇਹ ਪ੍ਰਾਪਤੀ ਯੂਨੀਵਰਸਿਟੀ ਦੀ ਵਧਦੀ ਅਕਾਦਮਿਕ ਸਾਖ ਅਤੇ ਸੰਸਥਾਗਤ ਭਰੋਸੇਯੋਗਤਾ ਨੂੰ ਦਰਸਾਉਂਦੀ ਹੈ। ਇਹ ਉਪਲਬਧੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਰੈਂਕਿੰਗਾਂ ਵਿਚ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੱਗੇ ਰਹੀ ਸੀ। ਪਰ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਸੰਸਥਾਗਤ ਸੁਧਾਰਾਂ, ਗੁਣਵੱਤਾ ਵਧਾਉਣ ਵਾਲੀਆਂ ਪਹਿਲਾਂ, ਖੋਜ-ਕੇਂਦਰਿਤ ਨੀਤੀਆਂ, ਡਿਜ਼ੀਟਲ ਗਵਰਨੈਂਸ ਅਤੇ ਅਕਾਦਮਿਕ ਨਵਾਚਾਰਾਂ ਕਾਰਨ ਇਹ ਯੂਨੀਵਰਸਿਟੀ ਹੁਣ ਖੇਤਰ ਦੀ ਅਗੇਤੀ ਯੂਨੀਵਰਸਿਟੀ ਵਜੋਂ ਉਭਰੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਵਰਲਡ ਯੂਨੀਵਰਸਿਟੀ ਰੰਕਿੰਗਜ਼ ਫਾਰ ਇਂਨੋਵੇਸ਼ਨ 2026 ਵਿੱਚ ਵੀ ਵਿਸ਼ਵ ਪੱਧਰੀ ਮਾਣ ਹਾਸਲ ਕੀਤਾ ਸੀ। 7 ਮਈ 2026 ਨੂੰ ਜਾਰੀ ਰੈਂਕਿੰਗ ਵਿੱਚ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਬ੍ਰਾਂਡ ਐਂਡ ਰੇਪੁਟੇਸ਼ਨ’ ਸ਼੍ਰੇਣੀ ਵਿਚ ਵਿਸ਼ਵ ਦੀਆਂ ਟਾਪ 100 ਯੂਨੀਵਰਸਿਟੀਆਂ ਵਿੱਚ 78ਵਾਂ ਸਥਾਨ ਪ੍ਰਾਪਤ ਹੋਇਆ ਸੀ। ਇਸ ਉਪਲਬਧੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵਾਚਾਰ ਅਤੇ ਮਾਣ-ਪ੍ਰਤਿਸ਼ਠਾ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਮਿਲੀ ਹੈ। ਪ੍ਰੋ. ਕਰਮਜੀਤ ਸਿੰਘ ਦੇ ਉਪ ਕੁਲਪਤੀ ਬਣਨ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਿੱਖਿਆ, ਖੋਜ, ਅੰਤਰਰਾਸ਼ਟਰੀ ਸਹਿਯੋਗ, ਵਿਦਿਆਰਥੀ ਸਹਾਇਤਾ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਖੇਤਰ ਵਿੱਚ ਵਿਆਪਕ ਬਦਲਾਅ ਵੇਖਣ ਨੂੰ ਮਿਲੇ ਹਨ। ਉਨ੍ਹਾਂ ਦੀ ਅਗਵਾਈ ਨੇ ਯੂਨੀਵਰਸਿਟੀ ਨੂੰ ਨਵੀਂ ਅਕਾਦਮਿਕ ਊਰਜਾ ਅਤੇ ਰਣਨੀਤਿਕ ਦਿਸ਼ਾ ਪ੍ਰਦਾਨ ਕੀਤੀ ਹੈ। ਅਧਿਆਪਕਾਂ, ਖੋਜਕਾਰਾਂ, ਵਿਿਦਆਰਥੀਆਂ, ਸਾਬਕਾ ਵਿਦਿਆਰਥੀਆਂ ਅਤੇ ਸਿੱਖਿਆ ਜਗਤ ਨਾਲ ਜੁੜੇ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇਜ਼ੀ ਨਾਲ ਦੇਸ਼ ਦੀਆਂ ਅੱਗੇ ਰਹਿਣ ਵਾਲੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਸ਼ਾਮਲ ਹੋ ਰਹੀ ਹੈ। ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦਿਆਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਪੂਰੇ ਯੂਨੀਵਰਸਿਟੀ ਪਰਿਵਾਰ ਦੀ ਮਿਹਨਤ, ਸਮਰਪਣ ਅਤੇ ਅਕਾਦਮਿਕ ਵਚਨਬੱਧਤਾ ਦਾ ਸਾਂਝਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਅਕਾਦਮਿਕ ਉਤਮਤਾ, ਗੁਣਵੱਤਾ ਭਰਪੂਰ ਖੋਜ, ਹੁਨਰ-ਅਧਾਰਿਤ ਸਿੱਖਿਆ, ਵਿਸ਼ਵ ਪੱਧਰੀ ਸਹਿਭਾਗਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ‘ਤੇ ਕੇਂਦ੍ਰਿਤ ਰਹੀ ਹੈ।