ਤੇਜ਼ ਗਰਮੀ ’ਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ : ਡਾ. ਸਭਰਵਾਲ
ਤੇਜ ਗਰਮੀ ’ਚ ਸ਼ਰੀਰ ਨੂੰ ਹਾਈਡਰੇਟ ਰੱਖਣਾ ਜਰੂਰੀ : ਡਾ. ਸਭਰਵਾਲ
Publish Date: Tue, 26 May 2026 04:20 PM (IST)
Updated Date: Tue, 26 May 2026 04:22 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੌਸਮ ਵਿਭਾਗ ਮੁਤਾਬਕ 28 ਮਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤਿੱਖੀ ਲੂ ਦਾ ਅਸਰ ਦੇਖਣ ਨੂੰ ਮਿਲੇਗਾ। ਅਜਿਹੇ ਮੌਸਮ ਵਿਚ ਸਾਨੂੰ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਾ. ਅਰਵਿੰਦਰ ਸਿੰਘ ਸਭਰਵਾਲ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ ‘ਸਭਰਵਾਲ ਸਕਿਨ ਕੇਅਰ ਸੈਂਟਰ’ ਦੇ ਸੰਚਾਲਕ ਡਾ. ਅਰਵਿੰਦਰ ਸਿੰਘ ਸਭਰਵਾਲ ਦੀ ਅਗਵਾਈ ਵਿਚ ਮੁਫਤ ਚੈੱਕਅਪ ਕੈਂਪ ਵੀ ਲਗਾਏ ਜਾਂਦੇ ਹਨ। ਡਾ. ਅਰਵਿੰਦਰ ਸਿੰਘ ਸਭਰਵਾਲ ਸਕਿਨ ਰੋਗਾਂ ਅਤੇ ਸਮੱਸਿਆਵਾਂ ਦੇ ਬੇਹੱਦ ਮਾਹਰ ਹਨ ਅਤੇ ਉਹ ਇਸ ਖੇਤਰ ਵਿਚ ਕਰੀਬ 10 ਸਾਲ ਦਾ ਤਜਰਬਾ ਰੱਖਦੇ ਹਨ। ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦੇ ਤੇਜ਼ ਪ੍ਰਭਾਵ ਤੋਂ ਬਚਣ ਲਈ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਡਾਈਹਾਈਡਰੇਟ ਨਾ ਹੋਣ ਦਿਓ, ਬਲਕਿ ਹਾਈਡ੍ਰੇਟ ਰੱਖੋ। ਥੋੜੀ-ਥੋੜੀ ਦੇਰ ਬਾਅਦ ਪਾਣੀ ਜ਼ਰੂਰ ਪੀਓ। ਬਿਨਾਂ ਵਜ੍ਹਾ ਧੁੱਪ ਵਿਚ ਬਾਹਰ ਨਾ ਨਿਕਲੋ। ਜੇਕਰ ਨਿਕਲਣਾ ਵੀ ਹੈ ਤਾਂ ਚੰਗੀ ਕਵਾਲਟੀ ਦਾ ਸਨਸਕ੍ਰੀਮ ਦੀ ਵਰਤੋ ਕਰੋ ਅਤੇ ਹਰ ਦੋ-ਦੋ ਘੰਟੇ ਬਾਅਦ ਸਨਸਕ੍ਰੀਮ ਦੁਬਾਰਾ ਲਗਾਓ। ਧੁੱਪ ਵਿਚ ਛੱਤਰੀ ਦੀ ਵਰਤੋ ਕਰੋ ਅਤੇ ਆਪਣੀਆਂ ਅੱਖਾਂ ਨੂੰ ਐਨਕਾਂ ਨਾਲ ਕਵਰ ਕਰੋ ਤਾਂ ਕਿ ਧੁੱਪ ਦੀ ਤੇਜ਼ ਤਪਸ਼ ਅੱਖਾਂ ਰਾਹੀਂ ਸਰੀਰ ਨੂੰ ਪ੍ਰਭਾਵਿਤ ਨਾ ਕਰ ਸਕੇ। ਅਜਿਹੇ ਮੌਸਮ ਵਿਚ ਮੁਸੰਮੀ, ਸੰਤਰਾ, ਖਰਬੂਜਾ ਆਦਿ ਜ਼ਿਆਦਾ ਪਾਣੀ ਦੀ ਮਾਤਰਾ ਵਾਲੇ ਫਲ਼ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ। ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਕਿਹਾ ਕਿ 11 ਤੋਂ ਸ਼ਾਮ 4-5 ਵਜੇ ਦੇ ਵਿਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ, ਇਸ ਸਮੇਂ ਦੌਰਾਨ ਘਰੋਂ ਬਾਹਰ ਨਾ ਨਿਕਲੋ। ਆਪਣੇ ਕੋਲ ਪਾਣੀ ਦੀ ਬੋਤਲ ਜ਼ਰੂਰ ਨਾਲ ਰੱਖੋ। ਡਾ. ਸਭਰਵਾਲ ਨੇ ਕਿਹਾ ਕਿ ਇਹ ਧਿਆਨ ਰੱਖੋ ਕਿ ਸ਼ਰੀਰ ਨੂੰ ਹੀਟ ਨਾ ਆਵੇ ਅਤੇ ਪਸੀਨਾ ਘੱਟ ਤੋਂ ਘੱਟ ਆਵੇ। ਜਿਉਂ-ਜਿਉਂ ਗਰਮੀ ਵਧੇਗੀ ਤਾਂ ਆਪਣੀ ਸਕਿਨ ਨੂੰ ਧੁੱਪ ਅਤੇ ਹੀਟ ਦੇ ਸੰਪਰਕ ਵਿਚ ਜ਼ਿਆਦਾ ਨਾ ਆਉਣ ਦਿਓ। ਆਪਣੇ ਵਾਲਾਂ ਨੂੰ ਸਾਫ ਸੁਥਰਾ ਰੱਖੋ ਅਤੇ ਮੱਥੇ ’ਤੇ ਵਾਲ ਨਾ ਆਉਣ। ਕਿਉਂਕਿ ਵਾਲਾਂ ਵਿਚ ਤੇਲ ਹੁੰਦਾ ਹੈ ਅਤੇ ਉਹ ਚਿਹਰੇ ’ਤੇ ਐਕਨੇ ਬਣਾਉਂਦੇ ਹਨ। ਚੰਗੀ ਸਕਿਨ ਤੇ ਸਿਹਤਮੰਦ ਰਹਿਣ ਲਈ ਬੈਲੈਂਸ ਡਾਇਟ ਹਰੀਆਂ ਸਬਜ਼ੀਆਂ, ਸਲਾਦ ਤੇ ਪੌਸ਼ਟਿਕ ਅਹਾਰ ਨੂੰ ਖਾਣੇ ਦਾ ਹਿੱਸਾ ਬਣਾਓ।