ਗੁਰਦੁਆਰਾ ਸ਼ਹੀਦ ਗੰਜ ਸਾਹਿਬ ’ਚ ਵਾਪਰੀ ਘਟਨਾ 'ਤੇ ਐਡਵੋਕੇਟ ਧਾਮੀ ਨੇ ਦੁੱਖ ਪ੍ਰਗਟਾਇਆ
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ 'ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ
Publish Date: Sun, 24 May 2026 07:03 PM (IST)
Updated Date: Mon, 25 May 2026 04:11 AM (IST)

ਕੈਪਸ਼ਨ : ਜ਼ਖ਼ਮੀ ਹੋਈ ਸੰਗਤ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚ ਕੇ ਹਾਲ ਜਾਣਦੇ ਹੋਏ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ। * ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਸਹਾਇਤਾ ਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਕੀਤਾ ਐਲਾਨ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰੀ ਦੁਖਦਾਈ ਘਟਨਾ ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਇਸ ਘਟਨਾ ’ਚ ਜਾਨ ਗੁਆਉਣ ਵਾਲੀਆਂ ਦੋ ਬੀਬੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਇਸ ਘਟਨਾ ’ਚ ਜ਼ਖ਼ਮੀ ਹੋਈ ਸੰਗਤ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚ ਕੇ ਹਾਲ ਜਾਣਿਆ, ਉਥੇ ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਘਟਨਾ ਬਾਰੇ ਜਾਣਕਾਰੀ ਵੀ ਲਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮੰਦਭਾਗੀ ਘਟਨਾ ’ਚ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 2-2 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ’ਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ’ਚ ਹਰ ਐਤਵਾਰ ਵੱਡੀ ਗਿਣਤੀ ’ਚ ਸੰਗਤ ਪੁੱਜਦੀ ਹੈ। ਸੰਗਤ ਦੀ ਵੱਡੀ ਆਮਦ ਦੇ ਮੱਦੇਨਜ਼ਰ ਇਸ ਅਸਥਾਨ ’ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸੇਵਾਵਾਂ ਚੱਲ ਰਹੀਆਂ ਹਨ। ਇਮਾਰਤ ਦੇ ਲੈਂਟਰ ਲਈ ਹੋਈ ਸ਼ਟਰਿੰਗ ਤੋਂ ਹਵਾ ਦੇ ਤੇਜ਼ ਬੁੱਲੇ ਨਾਲ ਕੁਝ ਪਲੇਟਾਂ ਥੱਲੇ ਬੈਠੀ ਸੰਗਤ ’ਤੇ ਡਿੱਗਣ ਨਾਲ ਇਹ ਘਟਨਾ ਵਾਪਰੀ ਹੈ। ਉਨ੍ਹਾਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਨਮਿਤ ਕਰਤਾ ਪੁਰਖੁ ਅੱਗੇ ਅਰਦਾਸ ਕੀਤੀ ਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਇਸ ਘਟਨਾ ਤੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ। ਬਾਬਾ ਭੂਰੀ ਵਾਲਿਆਂ ਨੇ ਮਨੁੱਖੀ ਹਮਦਰਦੀ ਵਜੋਂ ਅਕਾਲ ਚਲਾਣਾ ਕਰਨ ਵਾਲੀਆਂ ਬੀਬੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏਪੀ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਮਾਹਰ ਡਾਕਟਰ ਜ਼ਖ਼ਮੀਆਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਲਾਜ ’ਚ ਕਿਸੇ ਤਰ੍ਹਾਂ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਬੁਲਾਰਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਈਐੱਨਟੀ ਸਰਜਨ ਡਾ. ਜਸਕਰਨ ਸਿੰਘ, ਐਕਸੀਅਨ ਸੁਖਜਿੰਦਰ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਜਤਿੰਦਰਪਾਲ ਸਿੰਘ ਸਮੇਤ ਹੋਰ ਹਾਜ਼ਰ ਸਨ।