30 ਸਾਲ ਬਾਅਦ ਆਪਣੇ ਘਰ ਪਰਤਿਆਂ ਸੰਤੋਸ਼ ਕੁਮਾਰ
30 ਸਾਲ ਬਾਅਦ ਆਪਣੇ ਘਰ ਪਰਤੇ ਸੰਤੋਸ਼ ਕੁਮਾਰ
Publish Date: Tue, 19 May 2026 07:16 PM (IST)
Updated Date: Wed, 20 May 2026 04:08 AM (IST)

ਫੋਟੋ-27 ਕੈਪਸ਼ਨ : ਸੰਤੋਸ਼ ਕੁਮਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਪਣ ਮੌਕੇ ਪਿੰਗਲਵਾੜਾ ਸੰਸਥਾ ਦੇ ਪ੍ਰਬੰਧਕ। * ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦੀ ਲਹਿਰ, ਪਿੰਗਲਵਾੜਾ ਸੰਸਥਾ ਦਾ ਕੀਤਾ ਧੰਨਵਾਦ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿੰਗਲਵਾੜਾ ਸੰਸਥਾ ’ਚ ਮਿਤੀ 2.10.2025 ਨੂੰ ਸੰਤੋਸ਼ ਕੁਮਾਰ (60 ਸਾਲ) ਲਾਵਾਰਸ ਹਾਲਤ ’ਚ ਦਾਖ਼ਲ ਕੀਤਾ ਗਿਆ। ਉਸ ਵੇਲੇ ਮਰੀਜ਼ ਸਰੀਰਕ ਤੌਰ ’ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ’ਚ ਅਸਮਰੱਥ ਸੀ। ਇਲਾਜ ਮਗਰੋਂ ਜਦੋਂ ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਵੱਲੋਂ ਮਰੀਜ਼ ਨਾਲ ਵਾਰ-ਵਾਰ ਗੱਲਬਾਤ ਕੀਤੀ ਗਈ ਤਾਂ ਮਰੀਜ਼ ਨੇ ਆਪਣੇ ਘਰ ਦਾ ਪਤਾ ਹਰੀਹਰਪੁਰ, ਜ਼ਿਲ੍ਹਾ ਦਰਭੰਗਾ (ਬਿਹਾਰ) ਦੱਸਿਆ। ਇਸ ਸਬੰਧੀ ਸੁਭਾਸ਼ ਚੰਦਰ ਸੋਸ਼ਲ ਵਰਕਰ ਚੰਡੀਗੜ੍ਹ ਵੱਲੋਂ ਮਰੀਜ਼ ਦੇ ਪਿੰਡ ’ਚ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸੰਤੋਸ਼ ਕੁਮਾਰ ਸੰਨ 1996 ’ਚ ਗੁਜਰਾਤ ਕੰਮ ਦੀ ਭਾਲ ’ਚ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਆਪਣੇ ਘਰ-ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਉਸ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਅੱਤਾ-ਪਤਾ ਨਾ ਲੱਗਣ ਕਾਰਨ ਆਖ਼ਰਕਾਰ ਉਮੀਦ ਛੱਡ ਦਿੱਤੀ ਸੀ। ਅਚਾਨਕ ਕੁਝ ਦਿਨ ਪਹਿਲਾਂ ਜਦੋਂ ਸੰਸਥਾ ਵੱਲੋਂ ਭੇਜੀ ਗਈ ਵੀਡੀਓ ਘਰ ਦੇ ਇਕ ਮੈਂਬਰ ਦੇ ਮੋਬਾਈਲ ’ਤੇ ਸ਼ੇਅਰ ਹੋਈ ਤਾਂ ਨਾ ਸਿਰਫ਼ ਪਰਿਵਾਰ ਸਗੋਂ ਸਾਰੇ ਪਿੰਡ ’ਚ ਖੁਸ਼ੀ ਦੀ ਲਹਿਰ ਦੌੜ ਗਈ। ਸੰਤੋਸ਼ ਦੇ ਪਿਤਾ ਦੇ 6 ਭਰਾ ਸਨ, ਇਸ ਕਰ ਕੇ ਪਿੰਡ ’ਚ ਇਹ ਪਰਿਵਾਰ ਕਾਫ਼ੀ ਸਨਮਾਨਿਤ ਮੰਨਿਆ ਜਾਂਦਾ ਹੈ। ਅੱਜ ਮਿਤੀ 19-05-2026 ਨੂੰ ਇਨ੍ਹਾਂ ਦੇ ਭਰਾ ਸੁਰਜੀਤ ਕੁਮਾਰ ਝਾਅ ਤੇ ਰਣਜੀਤ ਕੁਮਾਰ ਝਾਅ ਪਿੰਗਲਵਾੜਾ ਸੰਸਥਾ ’ਚ ਉਨ੍ਹਾਂ ਨੂੰ ਲੈਣ ਲਈ ਪਹੁੰਚੇ। ਲਗਭਗ 30 ਸਾਲ ਬਾਅਦ ਆਪਣੇ ਘਰ ਵਾਪਸ ਜਾਂਦੇ ਸਮੇਂ ਸੰਤੋਸ਼ ਕੁਮਾਰ ਤੇ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਇਸ ਮੌਕੇ ਸੰਸਥਾ ਵੱਲੋਂ ਮਰੀਜ਼ ਨੂੰ ਸਨਮਾਨ ਸਹਿਤ ਉਸ ਦੇ ਪਰਿਵਾਰ ਹਵਾਲੇ ਕੀਤਾ ਗਿਆ ਅਤੇ ਉਸ ਦੀ ਅਗਲੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਦੁਬਾਰਾ ਜਨਮ ਵਰਗਾ ਪਲ ਹੈ ਅਤੇ ਉਹ ਪਿੰਗਲਵਾੜਾ ਸੰਸਥਾ ਦੇ ਸਦਾ ਕਰਜ਼ਦਾਰ ਰਹਿਣਗੇ। ਇਸ ਮੌਕੇ ਡਾ. ਜਗਦੀਪ ਸਿੰਘ ਮੀਤ ਪ੍ਰਧਾਨ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਆਦਿ ਹਾਜ਼ਰ ਸਨ।