ਹਲਕਾਅ ਤੋਂ ਬਚਾਅ ਤੇ ਰੋਕਥਾਮ ਲਈ ਜਾਗਰੂਕਤਾ ਮਹਿੰਮ ਸ਼ੁਰੂ
ਹਲਕਾਅ ਦੇ ਬਚਾਅ ਤੇ ਰੋਕਥਾਮ ਲਈ ਜਾਗਰੂਕਤਾ ਮਹਿੰਮ ਸ਼ੁਰੂ
Publish Date: Mon, 18 May 2026 04:26 PM (IST)
Updated Date: Tue, 19 May 2026 04:04 AM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ
ਟਾਂਗਰਾ: ਏਡੀਸੀ (ਡੀ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਜੋਧਾਨਗਰੀ ਵਿਖੇ ਹਲਕਾਅ ਦੇ ਬਚਾਅ ਅਤੇ ਰੋਕਥਾਮ ਦੇ ਸਬੰਧ ਵਿਚ ਇਕ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ। ਇਸ ਵਿਚ ਵੈਟਰਨਰੀ ਅਫਸਰ ਡਾ. ਕਰਨਬੀਰ ਸਿੰਘ ਭਿੰਡਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਹਲਕਾਅ ਤੋਂ ਬਚਾਅ ਅਤੇ ਰੋਕਥਾਮ ਵਾਸਤੇ ਵਿਸਥਾਰ ਨਾਲ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਹਲਕਾਅ ਇਕ ਬਹੁਤ ਹੀ ਜਾਨਲੇਵਾ ਬਿਮਾਰੀ ਹੈ, ਜਿਸ ਨਾਲ ਹਰ ਸਾਲ ਭਾਰਤ ਵਿਚ 20 ਹਜਾਰ ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਹ ਬਿਮਾਰੀ ਹਲਕਾਏ ਹੋਏ ਕੁੱਤੇ ਦੇ ਕੱਟਣ ਨਾਲ, ਨਹੁੰਦਰ ਮਾਰਨ ਨਾਲ ਅਤੇ ਚੱਟਣ ਨਾਲ ਹੁੰਦੀ ਹੈ। ਡਾਕਟਰ ਭਿੰਡਰ ਨੇ ਇਹ ਵੀ ਦੱਸਿਆ ਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ। ਸਿਰਫ ਰੋਕਥਾਮ ਅਤੇ ਬਚਾਅ ਹੀ ਕੀਤਾ ਜਾ ਸਕਦਾ ਹੈ।
ਘਰਾਂ ਵਿਚ ਰੱਖੇ ਹੋਏ ਪਾਲਤੂ ਕੁੱਤਿਆਂ ਨੂੰ ਹਲਕਾਅ ਦੇ ਟੀਕੇ ਸਮੇਂ ਸਿਰ ਲਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਅਵਾਰਾ ਕੁੱਤਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਗਰ ਕੋਈ ਅਵਾਰਾ ਕੁੱਤਾ ਕਿਸੇ ਨੂੰ ਕੱਟ ਦਿੰਦਾ ਹੈ, ਤਾਂ ਉਸ ਦਾ ਮੁਢਲਾ ਇਲਾਜ ਕਰਕੇ ਡਾਕਟਰ ਕੋਲੋਂ ਤੁਰੰਤ ਟੀਕੇ ਲਵਾ ਲੈਣੇ ਚਾਹੀਦੇ ਹਨ। ਇਸ ਸਮੇਂ ਪ੍ਰਿਸੀਪਲ ਹਰਜੋਤ ਕੌਰ ਔਜਲਾ, ਰਿਤੂ, ਕਰਨਬੀਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਦਲਜੀਤ ਕੌਰ, ਅਸ਼ਵਨੀ ਕੁਮਾਰ, ਆਂਗਨਵਾੜੀ ਵਰਕਰ ਪਰਮਿੰਦਰ ਕੌਰ, ਹਰਮੀਤ ਕੌਰ ਆਦਿ ਹਾਜ਼ਰ ਸਨ।