ਜੀਐੱਨਡੀਯੂ ’ਚ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸਬੰਧੀ ਵਰਕਸ਼ਾਪ ਦਾ ਆਯੋਜਨ

ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸਬੰਧੀ ਇੱਕ-ਰੋਜ਼ਾ ਵਰਕਸ਼ਾਪ ਮੌਕੇ ਭਾਰਤੀ ਭਾਸ਼ਾ ਸਮਿਤੀ ਦੇ ਅਕਾਦਮਿਕ ਕੋਆਰਡੀਨੇਟਰ, ਡਾ. ਪਾਰੁਲ ਸਿੰਘ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਜਨਵਰੀ 2024 ਵਿੱਚ ਇਹ ਫੈਸਲਾ ਲਿਆ ਸੀ ਕਿ ਅਗਲੇ ਤਿੰਨ ਸਾਲਾਂ ਦੇ ਅੰਦਰ ਭਾਰਤ ਵਿੱਚ ਹਰ ਪੱਧਰ ਦੇ ਕੋਰਸਾਂ ਦੀਆਂ ਪੁਸਤਕਾਂ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਸਥਾਨਕ ਭਾਸ਼ਾਵਾਂ ਵਿਚ ਡਿਜੀਟਲ ਪਲੇਟਫਾਰਮਾਂ ਰਾਹੀਂ ਉਪਲਬਧ ਕਰਵਾਈਆਂ ਜਾਣ। ਯੂਨੀਵਰਸਿਟੀ ਵਿਖੇ ਭਾਰਤੀ ਭਾਸ਼ਾ ਸਮਿਤੀ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਇਸ ਇੱਕ-ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਕੁੰਜੀਵਤ ਭਾਸ਼ਣ ਤੋਂ ਪਹਿਲਾਂ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉੱਚ-ਸਿੱਖਿਆ ਨੂੰ ਮਾਤ-ਭਾਸ਼ਾ ਵਿਚ ਪ੍ਰਦਾਨ ਕਰਨ ਦੇ ਮਕਸਦ ਨੂੰ ਸਮਰਪਿਤ ਇਹ ਵਰਕਸ਼ਾਪ ਨਵੀਆਂ ਲੀਹਾਂ ਦਾ ਨਿਰਮਾਣ ਕਰੇਗੀ।
ਡਾ. ਪਾਰੁਲ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਕੇਂਦਰੀ ਬਜਟ 2025 ਵਿਚ ਅਧਿਕਾਰਤ ਤੌਰ ਉੱਤੇ ਭਾਰਤੀ ਭਾਸ਼ਾ ਪੁਸਤਕ ਯੋਜਨਾ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੋਜਨਾ ਦੇ ਮੁੱਖ ਨੁਕਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪੁਸਤਕ ਦਾ ਮਤਲਬ ਪਾਠ ਪੁਸਤਕਾਂ, ਕੋਰਸ ਬੁੱਕਸ, ਸੰਦਰਭ ਪੁਸਤਕਾਂ ਅਤੇ ਹੋਰ ਅਧਿਐਨ ਸਮੱਗਰੀ ਤੋਂ ਹੈ। ਕਿਤਾਬਾਂ ਨੂੰ ਤਿਆਰ ਕਰਨ ਲਈ ਦੋ ਤਰੀਕੇ ਅਪਣਾਏ ਜਾਣਗੇ: ਪਹਿਲਾ ਮੂਲ ਲੇਖਣ ਅਤੇ ਦੂਜਾ ਅਨੁਵਾਦ। ਕੁੱਲ 12 ਭਾਸ਼ਾਵਾਂ ਵਿੱਚ ਮੂਲ ਰੂਪ ਵਿੱਚ ਲਿਖਣ ਉੱਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ, ਜਦੋਂ ਕਿ ਬਾਕੀ 10 ਭਾਸ਼ਾਵਾਂ ਵਿੱਚ ਮੁੱਖ ਤੌਰ ਉੱਤੇ ਅਨੁਵਾਦ ਅਧਾਰਿਤ ਕੰਮ ਹੋਵੇਗਾ। ਕਿਸੇ ਖਾਸ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਲੋੜ ਅਨੁਸਾਰ ਹੀ ਉੱਥੋਂ ਦੀ ਭਾਸ਼ਾ ਵਿੱਚ ਕਿਤਾਬਾਂ ਦੀ ਗਿਣਤੀ ਅਤੇ ਤਰਜੀਹ ਤੈਅ ਕੀਤੀ ਜਾਵੇਗੀ।
ਡਾ. ਸ਼ਮਸ਼ੇਰ ਸਿੰਘ, ਸਿਸਟਮ ਐਡਮਨਿਸਟਰੇਟਰ, ਏਬੀ ਕਾਲਜ, ਪਠਾਨਕੋਟ ਨੇ ਇਸ ਵਰਕਸ਼ਾਪ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਪਿਛੋਕੜ ਰਾਸ਼ਟਰੀ ਸਿੱਖਿਆ ਨੀਤੀ -2020 ਹੈ, ਜੋ ਮਾਤ-ਭਾਸ਼ਾ ਅਤੇ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਉੱਚ-ਕੋਟੀ ਦੀ ਸਿੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੀ ਵਕਾਲਤ ਕਰਦੀ ਹੈ। ਪਦਮਸ੍ਰੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ,ਕੁਲਪਤੀ,ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਵਰਕਸ਼ਾਪ ਦੇ ਮੁੱਖ ਭਾਸ਼ਣ ਵਿਚ ਕਿਹਾ ਕਿ ਇਸ ਸਕੀਮ ਦਾ ਬੁਨਿਆਦੀ ਉਦੇਸ਼ ਸਕੂਲੀ ਅਤੇ ਉੱਚ-ਸਿੱਖਿਆ ਦੇ ਕੋਰਸਾਂ ਲਈ 22 ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਇੰਟਰਐਕਟਿਵ ਕਿਤਾਬਾਂ ਤਿਆਰ ਕਰਨਾ ਹੈ। ਇਹ ਸਾਰੀ ਸਾਮੱਗਰੀ ਇੱਕ ਵਿਸ਼ੇਸ਼ ਵੈੱਬ ਪੋਰਟਲ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਤਕਨਾਲੋਜੀ ਦੇ ਮਾਧਿਅਮ ਨਾਲ ਸਭ ਨੂੰ ਬਰਾਬਰ ਗਿਆਨ ਹਾਸਲ ਹੋ ਸਕੇ। ਇਹ
ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਵਿਚ ਕਾਫ਼ੀ ਮਦਦਗਾਰ ਸਿੱਧ ਹੋਵੇਗਾ। ਡਾ. ਸਤਨਾਮ ਸਿੰਘ ਦਿਓਲ, ਡੀਨ ਵਿਿਦਆਰਥੀ ਭਲਾਈ ਨੇ ਮੌਜੂਦ ਹਾਜ਼ਰੀਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਉੱਚ ਸਿੱਖਿਆ, ਪੇਸ਼ੇਵਰ ਸਿੱਖਿਆ ਅਤੇ ਸਕੂਲੀ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ ਵਿੱਚ ਮੌਲਿਕ ਲੇਖਣੀ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਲੋੜ ਅਨੁਸਾਰ ਅਨੁਵਾਦ ਦਾ ਕੰਮ ਵੀ ਕੀਤਾ ਜਾਵੇਗਾ। ਇਸ ਕਾਰਜ ਨੂੰ ਵਿਕੇਂਦਰੀਕ੍ਰਿਤ ਤਰੀਕੇ ਨਾਲ ਲਾਗੂ ਕਰਨ ਲਈ ਕੇਂਦਰੀ,
ਰਾਜ, ਨਿੱਜੀ ਯੂਨੀਵਰਸਿਟੀਆਂ ਅਤੇ ਰਾਜਾਂ ਦੇ ਸਿੱਖਿਆ ਵਿਭਾਗਾਂ ਨੂੰ ਵੱਡੇ ਪੱਧਰ ਉੱਤੇ ਸ਼ਾਮਲ ਕੀਤਾ ਜਾਵੇਗਾ। ਕੇਵਲ ਉਹੀ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਜੋ ਸਖ਼ਤ ਗੁਣਵੱਤਾ ਦੇ ਮਿਆਰਾਂ ਉੱਤੇ ਖਰੀਆਂ ਉਤਰਨਗੀਆਂ। ਇਸ ਮੌਕੇ ਉੱਤੇ ਇਸ ਸਮਾਗਮ ਵਿਚ ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਹਰਸਿਮਰਤ ਕੌਰ, ਡਾ. ਨਰੇਸ਼ ਕੁਮਾਰ,ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ,ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜੇਸ਼ ਕੁਮਾਰ, ਡਾ. ਹੀਰਾ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ,ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਪ੍ਰੀਤ ਕੌਰ ਅਤੇ ਡਾ.
ਚੰਦਨਪ੍ਰੀਤ ਸਿੰਘ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ।
ਕੈਪਸ਼ਨ: ਭਾਰਤੀ ਭਾਸ਼ਾ ਪੁਸਤਕ ਯੋਜਨਾ ਦੇ ਰਾਜ-ਪੱਧਰੀ ਲਾਗੂ ਕਰਨ ਸਬੰਧੀ ਇਕ-ਰੋਜ਼ਾ ਵਰਕਸ਼ਾਪ ਮੌਕੇ ਡਾ. ਪਾਰੁਲ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਸਤਨਾਮ ਸਿੰਘ ਦਿਓਲ, ਡਾ. ਹਰਮੋਹਿੰਦਰ ਸਿੰਘ ਬੇਦੀ ਅਤੇ ਹੋਰ ਵਿਦਵਾਨ।