ਵੱਧਣ ਲੱਗਾ ਗਰਮੀ ਦਾ ਤੇਜ ਹੀਟ ਸਟਰੋਕ, ਜਨ-ਜੀਵਨ ਹੋ ਰਿਹਾ ਪ੍ਰਭਾਵਿਤ
ਵੱਧਣ ਲੱਗਾ ਗਰਮੀ ਦਾ ਤੇਜ ਹੀਟ ਸਟਰੋਕ, ਜਨ-ਜੀਵਨ ਹੋ ਰਿਹਾ ਪ੍ਰਭਾਵਿਤ
Publish Date: Sun, 17 May 2026 07:40 PM (IST)
Updated Date: Mon, 18 May 2026 04:13 AM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗਰਮੀ ਦਾ ਕਹਿਰ ਲਗਾਤਾਰ ਸਿਖਰਾਂ ’ਤੇ ਹੈ। ਗਰਮੀ ਦੇ ਵੱਧ ਰਹੇ ਤਾਪਮਾਨ ਕਾਰਨ ਜਿੱਥੇ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਇਸ ਮੌਸਮ ਵਿਚ ਕਈ ਬਿਮਾਰੀਆਂ ਵੀ ਘੇਰ ਸਕਦੀਆਂ ਹਨ। ਗਰਮੀ ਦਾ ਤੇਜ਼ ਹੀਟ ਸਟਰੋਕ ਸਰੀਰ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਇਸ ਤੋਂ ਬਚਣ ਲਈ ਇਮਨਿਊਟੀ ਸਿਸਟਮ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ। ਗੁਰੂ ਨਗਰੀ ਵਿਚ ਗਰਮੀ ਦਾ ਕਹਿਰ ਐਤਵਾਰ ਨੂੰ ਦੇਖਣ ਨੂੰ ਮਿਲਿਆ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੁਪਹਿਰ ਸਮੇਂ ਸੁੰਨਸਾਨ ਪਈਆਂ ਸਨ। ਇੱਕਾ-ਦੁੱਕਾ ਵਾਹਨ ਚਾਲਕ ਹੀ ਲੰਘਦੇ ਨਜ਼ਰ ਆਏ, ਜਦ ਕਿ ਪੈਦਲ ਲੰਘਣ ਵਾਲੇ ਲੋਕਾਂ ਦੀ ਗਿਣਤੀ ਨਾਮਾਤਰ ਸੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ 18 ਮਈ ਤੋਂ ਇਕ ਹਫਤੇ ਤੱਕ ਲੂ ਚੱਲਣ ਦਾ ਸੰਕੇਤ ਵੀ ਦਿੱਤਾ ਹੈ। ਇਹ 22 ਮਈ ਤੱਕ ਜਾਰੀ ਰਹੇਗੀ ਅਤੇ 23 ਮਈ ਤੋਂ ਦੋ ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਐਤਵਾਰ ਨੂੰ ਅੰਮ੍ਰਿਤਸਰ ਦਾ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗਰਮੀ ਨੇ ਆਪਣਾ ਕਹਿਰ ਵਰ੍ਹਾਇਆ ਹੈ, ਜਿਸ ਕਾਰਨ ਗਲੀਆਂ ਸੁੰਨਸਾਨ ਹੋ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿਚ ਵੱਧ ਰਹੀ ਗਰਮੀ ਆਪਣਾ ਕਹਿਰ ਵਰ੍ਹਾ ਰਹੀ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਬਹੁਤ ਘੱਟ ਦਿਖਾਈ ਦੇ ਰਹੀ ਸੀ। ਆਉਣ ਵਾਲੇ ਦਿਨਾਂ ਵਿਚ ਇਹ ਤਾਪਮਾਨ 42 ਡਿਗਰੀ ਤੋਂ ਵੱਧ ਸਕਦਾ ਹੈ। ਦੁਕਾਨਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਉਹ ਮੁਨਿਆਰੀ ਦੀ ਦੁਕਾਨ ਚਲਾਉਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਗਰਮੀ ਕਾਰਨ ਗਾਹਕਾਂ ਦੀ ਆਮਦ ਵੀ ਨਾਮਾਤਰ ਰਹੀ ਹੈ। ਅਜਿਹੇ ਮੌਸਮ ਵਿਚ ਸਮਾਜ ਸੇਵਕ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਬੱਚਿਆਂ ਨੂੰ ਸਕੂਲਾਂ ਵਿਚ ਛੁੱਟੀਆਂ ਪਾਉਣ ਦੀ ਮੰਗ ਵੀ ਸਰਕਾਰ ਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨਸਾਨਾਂ ਲਈ ਗਰਮੀ ਸਹਿਨ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਪਸ਼ੂ-ਪੰਛੀਆਂ ਦਾ ਵੀ ਰੱਖੋ ਖਿਆਲ: ਡੋਲਸੀ
ਸ਼ਹਿਰ ਵਾਸੀ ਡੋਲਸੀ ਅਰੋੜਾ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਸਾਨੂੰ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਆਪਣੇ ਘਰਾਂ ਦੇ ਆਸਪਾਸ ਪਾਰਕਾਂ ਜਾਂ ਛੱਤਾਂ ’ਤੇ ਮਿੱਟੀ ਦੇ ਕ੍ਟੋਰਿਆਂ ਵਿਚ ਦਾਣਾ-ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੇਜ਼ ਗਰਮੀ ਦੇ ਮੌਸਮ ਵਿਚ ਜੇਕਰ ਅਸੀਂ ਪਸ਼ੂ-ਪੰਛੀਆਂ ਲਈ ਕੁਝ ਕਰ ਸਕੀਏ ਤਾਂ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ। ਇਨਸਾਨ ਤਾਂ ਗਰਮੀ ਤੋਂ ਬਚਣ ਲਈ ਕੁਝ ਨਾ ਕੁਝ ਯਤਨ ਕਰ ਲੈਂਦਾ ਹੈ, ਪਰ ਇਹ ਪੰਛੀ ਗਰਮੀ ਦੇ ਸੇਕ ਵਿਚ ਝੁਲਸ ਜਾਂਦੇ ਹਨ। ਇਨ੍ਹਾਂ ਨੂੰ ਬਚਾਉਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਥੋੜਾ ਜਿਹਾ ਯੋਗਦਾਨ ਪਾਉਣਾ ਚਾਹੀਦਾ ਹੈ।