ਕੁਨਾਲ ਕਤਲ ਮਾਮਲਾ; ਪਰਿਵਾਰ ਨੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਮੰਗੀ
ਕੁਨਾਲ ਕਤਲ ਮਾਮਲਾ; ਪਰਿਵਾਰ ਨੇ ਕਾਤਲਾਂ ਲਈ ਫਾਂਸੀ ਦੀ ਸਜਾ ਮੰਗੀ
Publish Date: Sun, 17 May 2026 05:28 PM (IST)
Updated Date: Mon, 18 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਤਹਿਸੀਲਪੁਰਾ ਇਲਾਕੇ ਵਿਚ ਵੀਰਵਾਰ ਅੱਧੀ ਰਾਤ ਨੂੰ ਸੈਲੂਨ ਦਾ ਕੰਮ ਕਰਦੇ ਕੁਨਾਲ ਉਰਫ਼ ਲਾਟਸ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਪਰਿਵਾਰ ਨੇ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਸੀਐੱਮ ਭਗਵੰਤ ਸਿੰਘ ਮਾਨ, ਡੀਜੀਪੀ ਗੌਰਵ ਯਾਦਵ ਅਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਪੀੜਤ ਦੇ ਪਿਤਾ ਪਵਨ ਨੇ ਕਿਹਾ ਕਿ ਉਹ ਅਦਾਲਤ ਅਤੇ ਪੁਲਿਸ ਨੂੰ ਇਨਸਾਫ਼ ਲਈ ਅਪੀਲ ਕਰਦੇ ਹਨ, ਤਾਂ ਜੋ ਉਹ ਇਸ ਕੇਸ ਨੂੰ ਜ਼ੋਰਦਾਰ ਢੰਗ ਨਾਲ ਲੜ ਸਕਣ ਅਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਨੂੰ ਯਕੀਨੀ ਬਣਾ ਸਕਣ। ਪਵਨ ਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਦਾ ਪੁੱਤਰ ਕੁਨਾਲ ਵੱਡਾ ਹੋ ਰਿਹਾ ਸੀ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਵਧ ਰਹੀਆਂ ਸਨ। ਉਸ ਨੂੰ ਆਪਣੀ ਛੋਟੀ ਧੀ ਦਾ ਵਿਆਹ ਵੀ ਕਰਨਾ ਸੀ। ਜਦੋਂ ਕੁਨਾਲ ਨੇ ਸੈਲੂਨ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਲੱਗਾ ਕਿ ਉਸ ਦੇ ਮੋਢਿਆਂ ਤੋਂ ਬੋਝ ਹਲਕਾ ਹੋ ਜਾਵੇਗਾ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਪਵਨ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਕਤਲ ਦੀ ਸੀਸੀਟੀਵੀ ਫੁਟੇਜ ਦੇਖ ਕੇ ਨਾ ਸਿਰਫ਼ ਉਸ ਨੂੰ ਸਗੋਂ ਉਸ ਦੇ ਪਰਿਵਾਰ, ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਸਮਾਜ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੁਨਾਲ, ਜਿਸ ਨੂੰ ਪਿਆਰ ਅਤੇ ਸਨੇਹ ਨਾਲ ਪਾਲਿਆ ਗਿਆ ਸੀ, ਉਨ੍ਹਾਂ ਦੇ ਹੱਥਾਂ ਤੋਂ ਇਸ ਤਰ੍ਹਾਂ ਚਲਾ ਜਾਵੇਗਾ। ਉਸ ਦੇ ਪੁੱਤਰ ਨੂੰ ਪਹਿਲਾਂ ਦਾਤਰਾਂ ਨਾਲ ਬੇਰਹਿਮੀ ਨਾਲ ਮਾਰਿਆ ਗਿਆ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਨੂੰ ਐਕਟਿਵਾ ’ਤੇ ਰੱਖ ਕੇ ਘੁੰਮਾਇਆ ਗਿਆ, ਫਿਰ ਗੋਲੀ ਮਾਰ ਦਿੱਤੀ ਗਈ। ਦੋਸ਼ ਹੈ ਕਿ ਜਦ ਵੰਸ਼ ਆਪਣੇ ਸਾਥੀਆਂ ਨਾਲ ਮਿਲ ਕੇ ਕੁਨਾਲ ਦਾ ਕਤਲ ਕਰ ਰਿਹਾ ਸੀ, ਜਦੋਂ ਕਿ ਉਸ ਦੀ ਮਾਂ ਸੋਨੀਆ ਪਿੱਛੇ ਤੋਂ ਕਤਲ ਲਈ ਲਲਕਾਰੇ ਲਗਾ ਰਹੀ ਸੀ। ਪਰਿਵਾਰ ਨੇ ਸਾਰੇ ਮੁਲਜ਼ਮਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।