ਵਿਦਿਆਰਥੀਆਂ ਦਾ 10ਵੀਂ ਪ੍ਰੀਖਿਆ ’ਚ ਸ਼ਾਨਦਾਰ ਨਤੀਜਾ
ਵਿਿਦਆਰਥੀਆਂ ਦਾ 10ਵੀਂ ਪ੍ਰੀਖਿਆ ’ਚ ਸ਼ਾਨਦਾਰ ਨਤੀਜਾ
Publish Date: Sun, 17 May 2026 04:30 PM (IST)
Updated Date: Mon, 18 May 2026 04:04 AM (IST)
ਪੱਤਰ ਪ੍ਰੇਰਕ, ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ :ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਗਰਲਜ਼ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੂੰ ਵਿਦਿਆਰਥੀਆਂ ਦੁਆਰਾ ਪ੍ਰੀਖਿਆਵਾਂ ’ਚ ਹਾਸਲ ਕੀਤੀ ਗਈ ਉਪਲਬੱਧੀ ’ਤੇ ਵਧਾਈ ਦਿੰਦਿਆਂ ਸਮੂਹ ਸਟਾਫ਼ ਦੁਆਰਾ ਕਰਵਾਈ ਜਾਂਦੀ ਮਿਹਨਤ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਿੰ: ਡਾ. ਗੋਗੋਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ’ਚੋਂ ਮਾਨਿਕ ਠਾਕੁਰ ਨੇ 93 ਫੀਸਦੀ, ਰਾਮ ਭਗਤ ਨੇ 91 ਫੀਸਦੀ ਅਤੇ ਗੌਰਵ ਭਾਰਦਵਾਜ ਨੇ 88 ਪ੍ਰਤੀਸ਼ਤ ਅੰਕ ਹਾਸਲ ਕਰਦਿਆਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ 319 ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ’ਚ ਨਰਸਰੀ ਤੋਂ 12ਵੀਂ ਤੱਕ 3000 ਦੇ ਕਰੀਬ ਵਿਦਿਆਰਥੀਆਂ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਸਕੂਲ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਵੀ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈ।
ਇਸ ਮੌਕੇ ਪ੍ਰਿੰ: ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ’ਚੋਂ 10ਵੀਂ ਡੀ ਕਲਾਸ ਦੀ ਹਰਮਨਪ੍ਰੀਤ ਕੌਰ ਨੇ 93.6 ਪ੍ਰਤੀਸ਼ਤ ਨਾਲ ਪਹਿਲਾ, 10ਵੀਂ ਏ ਦੀ ਕੰਠਪ੍ਰੀਤ ਕੌਰ ਨੇ 92.7 ਨਾਲ ਦੂਜਾ ਅਤੇ ਗਰਿਮਾ ਮਹਾਜਨ ਨੇ 92.1 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ 11 ਵਿਦਿਆਰਥੀਆਂ ਨੇ 95 ਤੋਂ 90 ਪ੍ਰਤੀਸ਼ਤ ਅੰਕ, 70 ਵਿਦਿਆਰਥੀਆਂ ਨੇ 80 ਤੋਂ 90, 94 ਵਿਦਿਆਰਥੀਆਂ ਨੇ 70 ਤੋਂ 80, 38 ਵਿਦਿਆਰਥੀਆਂ ਨੇ 60 ਤੋਂ 70 ਪ੍ਰਤੀਸ਼ਤ ਅਤੇ 8 ਵਿਦਿਆਰਥੀਆਂ ਨੇ 50 ਤੋਂ 60 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਉਕਤ ਕਲਾਸ ਦੇ ਕੁਲ 230 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਪ੍ਰਿੰ: ਡਾ. ਗੋਗੋਆਣੀ ਅਤੇ ਪ੍ਰਿੰ: ਨਾਗਪਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਨਤੀਜਾ ਵਿਦਿਆਰਥੀਆਂ ਤੇ ਅਧਿਆਪਕਾਵਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।