ਸਰਪੰਚ ਦੇ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਗ੍ਰਿਫ਼ਤਾਰ
ਸਰਪੰਚ ਦੇ ਘਰ 'ਤੇ ਪੈਟਰੋਲ ਬੰਬ ਸੁੱਟਣ ਵਾਲੇ ਚਾਰ ਗ੍ਰਿਫ਼ਤਾਰ
Publish Date: Sat, 16 May 2026 08:12 PM (IST)
Updated Date: Sun, 17 May 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੇ ਰਮਦਾਸ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦੇ ਸੁਧਾਰ ਪਿੰਡ ਵਿਚ ਸਰਪੰਚ ਨਿਸ਼ਾਨ ਸਿੰਘ ਦੇ ਘਰ ’ਤੇ ਬੋਤਲ ਬੰਬ ਸੁੱਟਣ ਤੇ ਜਸਬੀਰ ਸਿੰਘ ਦੇ ਘਰ ’ਤੇ ਗੋਲੀਬਾਰੀ ਕਰਨ ਵਾਲੇ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਵਿਦੇਸ਼ਾਂ ’ਚ ਰਹਿ ਰਹੇ ਗੈਂਗਸਟਰ ਜੀਵਨ ਫੌਜੀ ਤੇ ਸੁਖਜਿੰਦਰ ਸਿੰਘ ਉਰਫ਼ ਪ੍ਰੀਤ ਦੇ ਇਸ਼ਾਰੇ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਐੱਸਐੱਸਪੀ ਸੋਹੇਲ ਮੀਰ ਤੇ ਐੱਸਪੀ (ਡੀ) ਆਦਿੱਤਿਆ ਵਾਰੀਅਰ ਨੇ ਸ਼ਨੀਵਾਰ ਸ਼ਾਮ ਆਪਣੇ ਦਫ਼ਤਰ ’ਚ ਕੀਤੀ ਪ੍ਰੈੱਸ ਕਾਨਫਰੰਸ ’ਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਮਦਾਸ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਪਿੰਡ ਜਸਲ ਦੇ ਵਸਨੀਕ ਕੁਲਵਿੰਦਰ ਸਿੰਘ ਉਰਫ਼ ਭੁੱਲਰ, ਆਕਾਸ਼ਦੀਪ ਸਿੰਘ ਉਰਫ਼ ਸੰਨੀ ਕੌੜਾ, ਆਕਾਸ਼ਦੀਪ ਸਿੰਘ ਉਰਫ਼ ਬਾਬਾ ਅਤੇ ਰਾਜਾਸਾਂਸੀ ਦੇ ਪਿੰਡ ਮੱਲੂ ਨੰਗਲ ਦੇ ਵਸਨੀਕ ਜਗਤਾਰ ਸਿੰਘ ਵਜੋਂ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ 5 ਮਈ ਦੀ ਦੇਰ ਰਾਤ ਸੁਧਾਰ ਪਿੰਡ ਦੇ ਜਸਬੀਰ ਸਿੰਘ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਬਾਅਦ ’ਚ 9 ਮਈ ਦੀ ਰਾਤ ਨੂੰ ਉਨ੍ਹਾਂ ਨੇ ਸੁਧਾਰ ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਦੇ ਘਰ ਪੈਟਰੋਲ ਨਾਲ ਇਕ ਬੋਤਲ ਭਰ ਕੇ ਅੱਗ ਲਾ ਦਿੱਤੀ ਤੇ ਭੱਜ ਗਏ। ਦੋਵਾਂ ਘਟਨਾਵਾਂ ’ਚ ਜੀਵਨ ਫੌਜੀ, ਜੋ ਕਿ ਵਿਦੇਸ਼ ’ਚ ਰਹਿੰਦਾ ਹੈ, ਨੇ ਪਹਿਲੇ ਮਾਮਲੇ ’ਚ 30 ਲੱਖ ਰੁਪਏ ਤੇ ਨਿਸ਼ਾਨ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਐੱਫਆਈਆਰ ਦਰਜ ਹੋਣ ਤੋਂ ਬਾਅਦ ਡੀਐੱਸਪੀ (ਡੀ) ਗੁਰਿੰਦਰਪਾਲ ਸਿੰਘ ਨਾਗਰਾ ਤੇ ਮਨਮੀਤ ਪਾਲ ਸਿੰਘ ਨੇ ਜਾਂਚ ਸ਼ੁਰੂ ਕੀਤੀ ਤੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਖੁਲਾਸਾ ਹੋਇਆ ਹੈ ਕਿ ਸਾਰੇ ਮੁਲਜ਼ਮ ਪਹਿਲਾਂ ਵੀ ਅਪਰਾਧ ਕਰ ਚੁੱਕੇ ਹਨ। ਬਾਕਸ ਗੈਂਗਸਟਰ ਸੁਖਜਿੰਦਰ ਤੇ ਜੀਵਨ ਫੌਜੀ ਨੇ ਕੀਤੀਆਂ ਕਈ ਵਾਰਦਾਤਾਂ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਸ਼ਹਿਜ਼ਾਦਾ ਪਿੰਡ ਦੇ ਰਹਿਣ ਵਾਲੇ ਜੀਵਨ ਫੌਜੀ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਰਾਜਾਸਾਂਸੀ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਨੰਗਲ ਸੋਹਲ ਪਿੰਡ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਉਰਫ਼ ਪ੍ਰੀਤ ਵਿਦੇਸ਼ ’ਚ ਇਕੱਠੇ ਰਹਿੰਦੇ ਹਨ। ਸੁਖਜਿੰਦਰ ਦੇ ਇੱਥੇ ਉਸ ਖਿਲਾਫ ਦਰਜਨਾਂ ਮਾਮਲੇ ਦਰਜ ਹਨ। ਇਹ ਖੁਲਾਸਾ ਹੋਇਆ ਹੈ ਕਿ ਸੁਖਜਿੰਦਰ ਸਥਾਨਕ ਤੌਰ ’ਤੇ ਜਾਣਕਾਰੀ ਇਕੱਠੀ ਕਰਦਾ ਹੈ ਤੇ ਫਿਰ ਪੈਸੇ ਵਸੂਲਣ ਲਈ ਇਸ ਨੂੰ ਗੈਂਗਸਟਰ ਜੀਵਨ ਫੌਜੀ ਨੂੰ ਦਿੰਦਾ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ 4 ਮੁਲਜ਼ਮਾਂ ਤੋਂ ਇਲਾਵਾ ਹੋਰ ਸਾਥੀ ਕੌਣ ਹਨ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਦੇ ਪਿਤਾ ਹਰਜੀਤ ਸਿੰਘ ਉਰਫ਼ ਪੱਪੀ ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।