ਮਜੀਠਾ ਨਗਰ ਕੌਂਸਲ ਚੋਣਾਂ: 82 ਉਮੀਦਵਾਰਾਂ ਨੇ ਭਰੇ ਕਾਗਜ਼
ਮਜੀਠਾ ਨਗਰ ਕੌਂਸਲ ਚੋਣਾਂ:
Publish Date: Sat, 16 May 2026 07:58 PM (IST)
Updated Date: Sun, 17 May 2026 04:13 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਨਗਰ ਕੌਂਸਲ ਚੋਣਾਂ ਦੇ ਆਖਰੀ ਦਿਨ ਨਗਰ ਕੌਂਸਲ ਮਜੀਠਾ ਵਾਸਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 42 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ। ਇਸ ਤਰ੍ਹਾਂ ਕੁਲ ਮਿਲਾ ਕੇ 82 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਾਏ। ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਕਮ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਨੇ ਦੱਸਿਆ ਕਿ ਚੋਣਾਂ ਦਾ ਪਹਿਲਾ ਪੜ੍ਹਾਅ ਅੱਜ ਖਤਮ ਹੋ ਗਿਆ ਹੈ। ਅਗਲੇ ਪੜਾਅ ਤਹਿਤ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਦਿਨ 18 ਮਈ ਹੈ ਤੇ 19 ਮਈ ਨੂੰ ਇਨ੍ਹਾਂ ਪੱਤਰਾਂ ਦੀ 3 ਵਜੇ ਤੱਕ ਵਾਪਸੀ ਹੋਵੇਗੀ ਅਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵੋਟਾਂ ਪਾਉਣ ਦੀ ਮਿਤੀ 26 ਮਈ ਹੈ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਜੀਠਾ ਵਿਚ ਕੁੱਲ 13 ਵਾਰਡਾਂ ਵਾਸਤੇ 13 ਪੋਲਿੰਗ ਬੂਥ ਬਣਾਏ ਹਨ, ਕੁਲ ਵੋਟਰ 13319 ਹਨ ਜਿਨ੍ਹਾਂ ਵਿਚੋ ਪੁਰਸ਼ ਵੋਟਰ 6585 ਅਤੇ ਮਹਿਲਾ ਵੋਟਰ 6734 ਹਨ। ਉਨ੍ਹਾਂ ਕਿਹਾ ਕਿ ਨਗਰ ਕੌਸਲ ਦੀਆਂ ਚੋਣਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਲਕੁਲ ਪਾਰਦਰਸ਼ੀ ਢੰਗ ਨਾਲ ਬਿਨ੍ਹਾਂ ਕਿਸੇ ਪੱਖਪਾਤ ਕਰਵਾਈਆਂ ਜਾਣਗੀਆਂ। ਇਸ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਕੰਟਰੋਲ ਰੱਖਣ ਵਾਸਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ, ਕਿਸੇ ਵੀ ਸ਼ਰਾਰਤੀ ਅਨੁਸਾਰ ਨੂੰ ਚੋਣ ਅਮਲ ਵਿਚ ਰੁਕਾਵਟ ਨਹੀਂ ਪਾਉਣ ਦਿੱਤਾ ਜਾਵੇਗਾ।