ਖਾਲਸਾ ਕਾਲਜ ’ਚ ਬਿਹਾਰ ਤੇ ਕਸ਼ਮੀਰ ਦੇ ਵਿਦਿਆਰਥੀ ਫਿਰ ਭਿੜੇ
ਖਾਲਸਾ ਕਾਲਜ ’ਚ ਬਿਹਾਰ ਤੇ ਕਸ਼ਮੀਰ ਦੇ ਵਿਿਦਆਰਥੀ ਫਿਰ ਭਿੜੇ
Publish Date: Sat, 16 May 2026 07:54 PM (IST)
Updated Date: Sun, 17 May 2026 04:13 AM (IST)

ਭੋਜਪੁਰੀ ਬੋਲਣ ’ਤੇ ਕਸ਼ਮੀਰੀ ਵਿਦਿਆਰਥੀਆਂ ’ਤੇ ਲੱਗਾ ਸੀ ਮਜ਼ਾਕ ਕਰਨ ਤੇ ਝਗੜਾ ਕਰਨ ਦਾ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਨੀਵਾਰ ਦੁਪਹਿਰ ਨੂੰ ਰਣਜੀਤ ਐਵੀਨਿਊ ਸਥਿਤ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਬਿਹਾਰ ਤੇ ਕਸ਼ਮੀਰ ਦੇ ਵਿਦਿਆਰਥੀਆਂ ਵਿਚਕਾਰ ਫਿਰ ਝੜਪ ਹੋ ਗਈ। ਪਤਾ ਲੱਗਾ ਹੈ ਕਿ ਕਾਲਜ ਪ੍ਰਬੰਧਨ ਨੇ ਪਹਿਲਾਂ ਤਾਂ ਆਪਣੇ-ਆਪ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਪੁਲਿਸ ਨੂੰ ਬੁਲਾਉਣੀ ਪਈ। ਹਾਲਾਂਕਿ ਘਟਨਾ ਸਬੰਧੀ ਪੁਲਿਸ ਪਹਿਲਾਂ ਹੀ ਅਲਰਟ ’ਤੇ ਸੀ। ਸੂਚਨਾ ਮਿਲਣ ’ਤੇ ਰਣਜੀਤ ਐਵੀਨਿਊ ਪੁਲਿਸ ਸਟੇਸ਼ਨ ਤੋਂ ਪੁਲਿਸ ਪਹਿਲਾਂ ਪਹੁੰਚੀ। ਇਸ ਤੋਂ ਬਾਅਦ ਐੱਸਐੱਚਓ ਤੇ ਥਾਣਾ ਅਫਸਰ ਪਹੁੰਚੇ ਤੇ ਪੁਲਿਸ ਲਾਈਨਜ਼ ਤੋਂ ਦੋ ਪੁਲਿਸ ਬੱਸਾਂ ਲਿਆਂਦੀਆਂ ਗਈਆਂ। ਦਸ ਮਿੰਟਾਂ ਦੇ ਅੰਦਰ ਪੁਲਿਸ ਨੇ ਕਾਲਜ ਨੂੰ ਅੰਦਰੋਂ ਅਤੇ ਬਾਹਰੋਂ ਘੇਰ ਲਿਆ। ਏਡੀਸੀਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਕਾਲਜ ’ਚ ਦਾਖਲ ਹੋਈ ਤੇ ਦੋਵਾਂ ਪਾਸਿਆਂ ਦੇ ਚਾਰ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ, ਉਨ੍ਹਾਂ ਨੂੰ ਵੱਖ-ਵੱਖ ਕਮਰਿਆਂ ’ਚ ਬੰਦ ਕਰ ਦਿੱਤਾ। ਇਕ ਵਿਦਿਆਰਥੀ ਨੇ ਦੱਸਿਆ ਕਿ ਪੁਲਿਸ ਨੇ ਸਾਰੇ ਵਿਦਿਆਰਥੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ ਤੇ ਝਗੜੇ ਤੇ ਲੜਾਈ ਦੇ ਵੀਡੀਓ ਡਿਲੀਟ ਕਰ ਦਿੱਤੇ ਹਨ। ਹਾਲਾਕਿ ਪੁੱਛਗਿੱਛ ਤੋਂ ਬਾਅਦ ਤੇ ਸਥਿਤੀ ਸ਼ਾਂਤ ਹੋਣ ਤੋਂ ਬਾਅਦ ਸਾਰਿਆਂ ਨੂੰ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਨੂੰ ਕਸ਼ਮੀਰੀ ਵਿਦਿਆਰਥੀਆਂ ਨੇ ਪਹਿਲਾਂ ਬਿਹਾਰੀ ਵਿਦਿਆਰਥੀਆਂ ਦਾ ਮਜ਼ਾਕ ਉਡਾਇਆ ਤੇ ਫਿਰ ਭੋਜਪੁਰੀ ਭਾਸ਼ਾ ਦੀ ਵਰਤੋਂ ਕਰਨ ’ਤੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਤੇਜ਼ੀ ਨਾਲ ਸਰੀਰਕ ਝੜਪ ’ਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਦੇ 100 ਤੋਂ ਵੱਧ ਵਿਦਿਆਰਥੀ ਇਕ-ਦੂਜੇ ਦੇ ਸਾਹਮਣੇ ਆ ਗਏ। ਵੀਰਵਾਰ ਨੂੰ ਹੋਈ ਝੜਪ ’ਚ 18 ਸਾਲਾ ਰਾਘਵ ਸ਼ਰਮਾ ਜ਼ਖਮੀ ਹੋ ਗਿਆ। ਰਾਘਵ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਰਹਿਣ ਵਾਲਾ ਹੈ। ਬਾਕਸ ਕਾਲਜ ਪ੍ਰਬੰਧਕਾਂ ਦੀ ਧਮਕੀ, ਮੀਡੀਆ ਨਾਲ ਗੱਲਬਾਤ ਕੀਤੀ ਤਾਂ ਹੋਵੇਗੀ ਕਾਰਵਾਈ ਪਤਾ ਲੱਗਾ ਹੈ ਕਿ ਕਾਲਜ ਪ੍ਰਬੰਧਨ ਤੇ ਪੁਲਿਸ ਨੇ ਬਿਹਾਰ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਧਮਕੀਆਂ ਦਿੱਤੀਆਂ ਹਨ, ਜਿਨ੍ਹਾਂ ਨੇ ਝਗੜਾ ਕੀਤਾ ਸੀ। ਦੋਵਾਂ ਧਿਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਮੀਡੀਆ ਨੂੰ ਵਿਵਾਦ ਦੀ ਰਿਪੋਰਟ ਕਰਨਗੇ ਤਾਂ ਉਨ੍ਹਾਂ ਦਾ ਭਵਿੱਖ ਬਰਬਾਦ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਬਾਹਰ ਕੱਢਣ ਦੀ ਧਮਕੀ ਦਿੱਤੀ ਗਈ ਹੈ। ਬਾਕਸ ਕੈਮਰੇ ਦੇਖ ਭੜਕੇ ਏਡੀਸੀਪੀ ਹਰਪਾਲ ਸਿੰਘ ਜਦੋਂ ਮੀਡੀਆ ਕਰਮਚਾਰੀ ਕਾਲਜ ’ਚ ਵਿਵਾਦ ਨੂੰ ਕਵਰ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਗੇਟ ’ਤੇ ਰੋਕ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਆਪਣੇ ਕੈਮਰੇ ਕੱਢੇ ਅਤੇ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਏਡੀਸੀਪੀ ਹਰਪਾਲ ਸਿੰਘ ਗੁੱਸੇ ’ਚ ਆ ਗਏ। ਕਾਲਜ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੂੰ ਧਮਕੀ ਦਿੱਤੀ ਗਈ, ਪੁੱਛਿਆ ਗਿਆ ਕਿ ਉਹ ਕਾਲਜ ਦੇ ਗੇਟ ’ਤੇ ਕਿਸ ਤਰ੍ਹਾਂ ਦੀ ਡਿਊਟੀ ਨਿਭਾ ਰਹੇ ਹਨ ਕਿ ਨਿੱਜੀ ਵਿਅਕਤੀਆਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ।