ਭਾਜਪਾ ਹਰ ਵਾਰ ਇਲੈਕਸ਼ਨਾਂ ਨੇੜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿੰਨ ਬਾਹਰ ਕੱਢਦੀ : ਬੰਦੇਸ਼ਾ
ਭਾਜਪਾ ਹਰ ਵਾਰ ਇਲੈਕਸ਼ਨਾਂ ਨੇੜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿੰਨ ਬਾਹਰ ਕੱਢਦੀ : ਬੰਦੇਸ਼ਾ
Publish Date: Sat, 16 May 2026 06:10 PM (IST)
Updated Date: Sun, 17 May 2026 04:09 AM (IST)

ਪਿਛਲੇ 8-9 ਸਾਲਾਂ ’ਚ 3 ਰੇਲਵੇ ਮੰਤਰੀ ਤੇ 7 ਰੇਲਵੇ ਰਾਜ ਮੰਤਰੀ ਬਦਲੇ ਪਰ ਨਹੀਂ ਬਣਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਿਛਲੇ 8-9 ਸਾਲਾਂ ਵਿਚ 4 ਵਾਰ ਡਿਜ਼ਾਈਨ ਬਦਲੇ ਗਏ ਪਰ ਅਜੇ ਤੱਕ ਨਹੀਂ ਬਣਿਆ ਸਟੇਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ–ਅੰਮ੍ਰਿਤਸਰ ਦੇ ਲੋਕ ਸਭਾ ਇੰਚਾਰਜ ਅਤੇ ਵਾਈਸ ਚੇਅਰਮੈਨ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਜਸਕਰਨ ਸਿੰਘ ਬੰਦੇਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਹਰ ਚੋਣ ਤੋਂ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵਿਸ਼ਵ-ਪੱਧਰੀ ਬਣਾਉਣ ਦੇ ਵੱਡੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ, ਪਰ ਜ਼ਮੀਨੀ ਹਕੀਕਤ ਵਿਚ ਇਹ ਪ੍ਰੋਜੈਕਟ ਅਜੇ ਤੱਕ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਡਾ. ਇੰਦਰਪਾਲ, ਜ਼ਿਲਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾੜੂ, ਹਲਕਾ ਸੰਗਠਨ ਇੰਚਾਰਜ ਐਡਵੋਕੇਟ ਰਮਨ ਕੁਮਾਰ ਤੇ ਬਲਜੀਤ ਸਿੰਘ ਜੌੜਾ ਹਾਜ਼ਰ ਸਨ। ਬੰਦੇਸ਼ਾ ਅਤੇ ਮਠਾੜੂ ਨੇ ਕਿਹਾ ਕਿ ਪਿਛਲੇ 8-9 ਸਾਲਾਂ ਦੌਰਾਨ ਕੇਂਦਰ ਸਰਕਾਰ ਵਿੱਚ 03 ਰੇਲਵੇ ਮੰਤਰੀ ਅਤੇ 07 ਰੇਲਵੇ ਰਾਜ ਮੰਤਰੀ ਬਦਲ ਚੁੱਕੇ ਹਨ ਪਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਕੰਮ ਅੱਗੇ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਕੋਲ ਅੰਮ੍ਰਿਤਸਰ ਦੇ ਵਿਕਾਸ ਲਈ ਕੋਈ ਪੱਕੀ ਨੀਤੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਡਿਜ਼ਾਈਨ ਵੀ ਪਿਛਲੇ 8-9 ਸਾਲਾਂ ਵਿੱਚ 04 ਵਾਰ ਬਦਲਿਆ ਗਿਆ। ਪਹਿਲੇ ਪ੍ਰੋਜੈਕਟ ਵਿਚ 874 ਕਰੋੜ ਰੁਪਏ, ਦੂਜੇ ਵਿੱਚ 298 ਕਰੋੜ, ਤੀਜੇ ਵਿਚ 400.34 ਕਰੋੜ ਅਤੇ ਹੁਣ ਚੌਥੇ ਪ੍ਰੋਜੈਕਟ ਵਿਚ 502 ਕਰੋੜ ਰੁਪਏ ਦੀ ਲਾਗਤ ਦਿਖਾਈ ਗਈ, ਪਰ ਹਰ ਵਾਰ ਇਹ ਯੋਜਨਾ ਸਿਰਫ ਚੋਣੀ ਵਾਅਦਿਆਂ ਤੱਕ ਹੀ ਸੀਮਿਤ ਰਹਿ ਗਈ। ਹਰ ਵਾਰ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਨਵਾਂ ਡਿਜ਼ਾਈਨ ਅਤੇ ਸੁੰਦਰ ਤਸਵੀਰਾਂ ਜਾਰੀ ਕਰਕੇ ਲੋਕਾਂ ਨੂੰ ਦਿਖਾ ਦਿੱਤੀਆਂ ਜਾਂਦੀਆਂ ਹਨ ਪਰ ਹਕੀਕਤ ਵਿਚ ਕੰਮ ਸ਼ੁਰੂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਲਾਰਾ-ਲੱਪਾ ਲਾ ਕੇ ਡੰਗ ਟਪਾਉਣਾ ਭਾਜਪਾ ਦੀ ਪੁਰਾਣੀ ਰਿਵਾਇਤ ਹੈ, ਜਿਵੇਂ ਕਿ ਘਰ-ਘਰ ਨੌਕਰੀ, ਹਰ ਖਾਤੇ 15 ਲੱਖ ਰੁਪਏ ਅਤੇ ਅੱਛੇ ਦਿਨ ਆਨੇ ਵਾਲੇ ਹੈਂ, ਭਾਰਤੀ ਰੁਪਇਆ ਡਾਲਰ ਤੋਂ ਮਜ਼ਬੂਤ ਆਦਿ ਚੁਣਾਵੀ ਸ਼ਗੂਫੇ ਛੱਡ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਹੈ, ਜਿਸ ਤਰਾਂ ਬੰਗਾਲ ਚੋਣਾਂ ਵਿਚ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਚੋਣਾਂ ਜਿੱਤਦਿਆਂ ਹੀ ਆਪਣੇ ਤੇਵਰ ਬਦਲ ਕੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਤੇ ਸੱਭ ਕੁੱਝ ਮਹਿੰਗਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਕ ਅੰਤਰਰਾਸ਼ਟਰੀ ਧਾਰਮਿਕ ਅਤੇ ਸੈਰ-ਸਪਾਟਾ ਸ਼ਹਿਰ ਹੈ, ਜਿੱਥੇ ਹਰ ਰੋਜ਼ ਲੱਖਾਂ ਸ਼ਰਧਾਲੂ ਅਤੇ ਯਾਤਰੀ ਪਹੁੰਚਦੇ ਹਨ, ਪਰ ਰੇਲਵੇ ਸਟੇਸ਼ਨ ਦੀਆਂ ਆਧੁਨਿਕ ਸਹੂਲਤਾਂ ਅਜੇ ਵੀ ਲੋਕਾਂ ਦੀ ਉਡੀਕ ਬਣੀਆਂ ਹੋਈਆਂ ਹਨ। ਮਠਾੜੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੋਣੀ ਐਲਾਨਾਂ ਦੀ ਬਜਾਏ ਤੁਰੰਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਪ੍ਰੋਜੈਕਟ ਨੂੰ ਜ਼ਮੀਨ ‘ਤੇ ਲਿਆ ਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇ।