ਕਾਂਗਰਸੀ ਕੌਂਸਲਰਾਂ ਇਲਾਕਾ ਵਾਸੀਆਂ ਨੇ ਡੀਸੀ ਨੂੰ ਸੌਪਿਆ ਮੰਗ-ਪੱਤਰ
ਕਾਂਗਰਸੀ ਕੌਂਸਲਰਾਂ ਇਲਾਕਾ ਵਾਸੀਆਂ ਨੇ ਡੀਸੀ ਨੂੰ ਸੌਪਿਆ ਮੰਗ ਪੱਤਰ
Publish Date: Sat, 16 May 2026 06:02 PM (IST)
Updated Date: Sun, 17 May 2026 04:07 AM (IST)

ਕਾਂਗਰਸੀ ਕੌਂਸਲਰਾਂ ਇਲਾਕਾ ਵਾਸੀਆਂ ਨੇ ਡੀਸੀ ਨੂੰ ਸੌਪਿਆ ਮੰਗ ਪੱਤਰ ਸਰਕਾਰ ਸ਼ਹਿਰ ਦੀ ਹਰਿਆਲੀ ਨੂੰ ਖਤਮ ਕਰਕੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ : ਬਾਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨ ਇਲਾਕਿਆਂ ਵਿਚ ਪਾਰਕਾਂ ਅੰਦਰ ਬਣਾਏ ਜਾ ਰਹੇ ਕਮਰਿਆਂ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਉਦੋਂ ਗਰਮਾ ਗਈ, ਜਦੋਂ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਇਲਾਕਾ ਨਿਵਾਸੀਆਂ ਦੇ ਵਫਦ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ। ਵਫਦ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸ ਨਾਲ ਸਬੰਧਤ ਲੋਕ ਅੰਦਰੂਨ ਸ਼ਹਿਰ ਦੀ ਹਰਿਆਲੀ ਨੂੰ ਖਤਮ ਕਰਕੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਰੰਗਲਾ ਪੰਜਾਬ ਯੋਜਨਾ ਦੇ ਨਾਂ ਹੇਠ ਹਲਕਾ ਅੰਮ੍ਰਿਤਸਰ ਦੱਖਣੀ ਵਿਚ ਕਈ ਕੰਮ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਕਰਵਾਏ ਜਾ ਰਹੇ ਹਨ। ਵਫਦ ਨੇ ਦੋਸ਼ ਲਾਇਆ ਕਿ ਛੋਟੇ-ਛੋਟੇ ਪਾਰਕਾਂ ਵਿਚ ਕਮਰੇ ਪਾ ਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਬਚੀਆਂ ਹੋਈਆਂ ਖੁੱਲ੍ਹੀਆਂ ਥਾਵਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਜਿੱਥੇ ਲੋਕ ਸਵੇਰੇ-ਸ਼ਾਮ ਸੈਰ ਕਰਦੇ ਸਨ, ਬੱਚੇ ਖੇਡਦੇ ਸਨ ਅਤੇ ਬਜ਼ੁਰਗ ਇਕੱਠੇ ਬੈਠਦੇ ਸਨ, ਹੁਣ ਉੱਥੇ ਸੀਮੈਂਟ ਅਤੇ ਇੱਟਾਂ ਦੇ ਢੇਰ ਲਗਾਏ ਜਾ ਰਹੇ ਹਨ। ਇਸ ਮੌਕੇ ਸਮਾਜ ਸੇਵਕ ਤੇ ਵਾਰਡ ਨੰਬਰ 36 ਦੇ ਇੰਚਾਰਜ (ਕਾਂਗਰਸ) ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਬਦਲਾਅ ਦੇ ਵੱਡੇ ਵਾਅਦੇ ਕਰਕੇ ਸਰਕਾਰ ਬਣਾਈ ਸੀ, ਪਰ ਅੱਜ ਹਕੀਕਤ ਇਹ ਹੈ ਕਿ ਸ਼ਹਿਰਾਂ ਦੀ ਹਰਿਆਲੀ ਖਤਮ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਪੈਸੇ ਦੀ ਖੁੱਲ੍ਹੇਆਮ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੰਦਰੂਨ ਸ਼ਹਿਰ ਵਿਚ ਪਹਿਲਾਂ ਹੀ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ਦੀ ਕਮੀ ਹੈ, ਪਰ ਹੁਣ ਸਰਕਾਰ ਲੋਕਾਂ ਦੀਆਂ ਆਖਰੀ ਉਮੀਦਾਂ ਨੂੰ ਵੀ ਖਤਮ ਕਰਨ ‘ਤੇ ਤੁਲੀ ਹੋਈ ਹੈ। ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿਚ ਵਿਕਾਸ ਕਰਨਾ ਹੀ ਸੀ ਤਾਂ ਪਹਿਲਾਂ ਲੋਕਾਂ ਦੀ ਰਾਏ ਲਈ ਜਾਂਦੀ, ਨਗਰ ਨਿਗਮ ਤੋਂ ਮਨਜ਼ੂਰੀ ਲਈ ਜਾਂਦੀ ਅਤੇ ਪੂਰੀ ਟੈਂਡਰ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ। ਪਰ ਇੱਥੇ ਤਾਂ ਪਹਿਲਾਂ ਕੰਮ ਅਲਾਟ ਕਰ ਦਿੱਤੇ ਗਏ ਅਤੇ ਬਾਅਦ ਵਿਚ ਐਨਓਸੀ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਸਾਫ ਤੌਰ ‘ਤੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਮਨਪਸੰਦ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ-ਜਿੱਥੇ ਕੰਮ ਚੱਲ ਰਹੇ ਹਨ, ਉੱਥੇ ਕਿਸੇ ਵੀ ਮਹਿਕਮੇ ਦਾ ਕੋਈ ਅਧਿਕਾਰੀ ਮਟੀਰੀਅਲ ਜਾਂ ਕੰਮ ਦੀ ਗੁਣਵੱਤਾ ਦੀ ਜਾਂਚ ਕਰਨ ਨਹੀਂ ਪਹੁੰਚਦਾ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੀ ਸ਼ਹਿ ‘ਤੇ ਸਾਰਾ ਕੰਮ ਮਨਮਰਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੀ ਸੀ, ਪਰ ਅੱਜ ਉਸ ਦੇ ਆਪਣੇ ਰਾਜ ਵਿਚ ਬਿਨਾਂ ਨਿਯਮਾਂ ਦੇ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਕੌਂਸਲਰ ਸੰਨੀ ਕੁੰਦਰਾ ਨੇ ਕਿਹਾ ਕਿ ਪਾਰਕ ਕਿਸੇ ਵੀ ਸ਼ਹਿਰ ਦੇ ਫੇਫੜੇ ਹੁੰਦੇ ਹਨ ਅਤੇ ਜੇਕਰ ਇਨ੍ਹਾਂ ਨੂੰ ਹੀ ਖਤਮ ਕਰ ਦਿੱਤਾ ਗਿਆ ਤਾਂ ਆਉਣ ਵਾਲੀ ਪੀੜ੍ਹੀ ਨੂੰ ਖੁੱਲ੍ਹੀ ਹਵਾ ਵੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਕੋਈ ਚਿੰਤਾ ਨਹੀਂ ਹੈ। ਕੌਂਸਲਰ ਵਿੱਕੀ ਨੇ ਕਿਹਾ ਕਿ ਅੰਦਰੂਨ ਸ਼ਹਿਰ ਦੇ ਲੋਕ ਪਹਿਲਾਂ ਹੀ ਟ੍ਰੈਫਿਕ, ਗੰਦਗੀ ਅਤੇ ਘੱਟ ਖੁੱਲ੍ਹੀ ਜਗ੍ਹਾ ਕਾਰਨ ਪ੍ਰੇਸ਼ਾਨ ਹਨ, ਪਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਬਜਾਏ ਹੋਰ ਵਧਾ ਰਹੀ ਹੈ। ਜਸਵਿੰਦਰ ਸਿੰਘ ਕੌਂਸਲਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਵਿਰੋਧ ਕਰਨ ਦੇ ਬਾਵਜੂਦ ਸਰਕਾਰ ਲੋਕਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਦੀ ਰਾਏ ਨੂੰ ਅਣਡਿੱਠਾ ਕਰਨਾ ਗਲਤ ਹੈ। ਅਸ਼ਵਨੀ ਕਾਲੇ ਸ਼ਾਹ ਕੌਂਸਲਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਸੱਚਮੁੱਚ ਵਿਕਾਸ ਕਰਨਾ ਹੈ ਤਾਂ ਖਾਲੀ ਪਈ ਹੋਰ ਜਗ੍ਹਾ ‘ਤੇ ਕਮਰੇ ਬਣਾਏ ਜਾਣ, ਪਰ ਪਾਰਕਾਂ ਨੂੰ ਉਜਾੜਣਾ ਕਿਸੇ ਵੀ ਹਾਲਤ ਵਿਚ ਕਬੂਲ ਨਹੀਂ ਕੀਤਾ ਜਾਵੇਗਾ। ਨਵਪ੍ਰੀਤ ਸਿੰਘ ਕੌਂਸਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸਿਰਫ ਇਸ਼ਤਿਹਾਰਬਾਜ਼ੀ ਵਿਚ ਹੀ ਵਿਅਸਤ ਹਨ, ਜਦਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਲੋਕਾਂ ਦੀਆਂ ਸਹੂਲਤਾਂ ਖਤਮ ਕਰਕੇ ਵਿਕਾਸ ਦੇ ਨਾਂ ‘ਤੇ ਸਿਰਫ ਕਾਗਜ਼ੀ ਦਾਅਵੇ ਕੀਤੇ ਜਾ ਰਹੇ ਹਨ। ਕੌਂਸਲਰ ਮੰਮਣਕੇ ਅਤੇ ਮੋਹਨ ਸਿੰਘ ਮਾੜੀਮੇਗਾ ਨੇ ਕਿਹਾ ਕਿ ਜੇਕਰ ਇਹ ਕੰਮ ਤੁਰੰਤ ਨਾ ਰੋਕਿਆ ਗਿਆ ਤਾਂ ਲੋਕ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਤਿੰਦਰ ਸਿੰਘ ਰਿੰਕੂ ਵਾਰਡ ਇੰਚਾਰਜ ਨੇ ਕਿਹਾ ਕਿ ਅੰਦਰੂਨ ਸ਼ਹਿਰ ਦੇ ਲੋਕ ਆਪਣੇ ਪਾਰਕ ਅਤੇ ਹਰਿਆਲੀ ਬਚਾਉਣ ਲਈ ਇਕੱਠੇ ਹੋ ਚੁੱਕੇ ਹਨ ਅਤੇ ਕਿਸੇ ਵੀ ਕੀਮਤ ’ਤੇ ਪਾਰਕਾਂ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਬਾਕਸ ਕਮਰਿਆਂ ਦਾ ਕੰਮ ਤੁਰੰਤ ਬੰਦ ਕਰਵਾ ਕੇ ਜਾਂਚ ਕਰਵਾਓ ਵਫਦ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪਾਰਕਾਂ ਵਿਚ ਬਣ ਰਹੇ ਕਮਰਿਆਂ ਦਾ ਕੰਮ ਤੁਰੰਤ ਬੰਦ ਕਰਵਾਇਆ ਜਾਵੇ, ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕੋਈ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਵਫਦ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।