ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਖਿਲਾਫ 'ਰਾਸਾ' ਉਲੀਕੇਗੀ ਲਈ ਵੱਡਾ ਐਕਸ਼ਨ
ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਖਿਲਾਫ 'ਰਾਸਾ' ਉਲੀਕੇਗੀ ਲਈ ਵੱਡਾ ਐਕਸ਼ਨ
Publish Date: Sat, 16 May 2026 06:00 PM (IST)
Updated Date: Sun, 17 May 2026 04:07 AM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਖਿਲਾਫ ਰਾਸਾ ਪੰਜਾਬ ਵੱਡਾ ਐਕਸ਼ਨ ਉਲੀਕੇਗੀ। ਇਸ ਸਬੰਧੀ ਪੰਜਾਬ ਦੀ ਰਾਸਾ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ 17 ਮਈ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਕੁਮਾਰ ਸ਼ਰਮਾ ਸਮੂਹ ਮੈਂਬਰਾਂ ਦੀ ਹਾਜਰੀ ਵਿੱਚ ਸਾਂਝੇ ਤੌਰ ਤੇ ਦਿੱਤੀ। ਸਥਾਨਕ ਹੋਟਲ ਵਿਚ ਰਾਸਾ ਪੰਜਾਬ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦੀਆਂ ਨਿੱਜੀ ਸਕੂਲਾਂ ਸੰਬੰਧੀ ਗਲਤ ਨੀਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਹ ਮੀਟਿੰਗ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸੂਬੇ ਭਰ ਦੇ ਨਿੱਜੀ ਸਕੂਲਾਂ ਨਾਲ ਸੰਬੰਧਿਤ ਵੱਖ-ਵੱਖ ਗੰਭੀਰ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਗੈਰ-ਜ਼ਰੂਰੀ ਅਤੇ ਗੈਰ-ਸੰਵਿਧਾਨਕ ਨੀਤੀਆਂ ਰਾਹੀਂ ਨਿੱਜੀ ਸਕੂਲਾਂ ਉੱਤੇ ਬੇਲੋੜਾ ਦਬਾਅ ਪਾ ਰਿਹਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਮੈਂਬਰਾਂ ਨੇ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਅਤੇ ਮਾਪਿਆਂ ਤੇ ਜਨਮ ਪ੍ਰਮਾਣ ਪੱਤਰ ਦੀ ਡਿਜੀਟਲ ਕਾਪੀ ਮੁਹੱਈਆ ਕਰਵਾਉਣ ਲਈ ਦਬਾਅ ਬਣਾ ਰਿਹਾ ਹੈ। ਸਾਰੇ ਮਾਪਿਆਂ ਲਈ ਇਹ ਦਸਤਾਵੇਜ਼ ਪ੍ਰਾਪਤ ਕਰਨਾ ਸੰਭਵ ਨਹੀਂ ਹੈ, ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਧਿਆਪਕ ਵਰਗ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੂਬੇ ਦੇ ਅਧਿਆਪਕਾਂ ਨੂੰ 50 ਘੰਟਿਆਂ ਦੀ ਟ੍ਰੇਨਿੰਗ ਲਈ ਮੋਹਾਲੀ ਬੁਲਾਇਆ ਜਾ ਰਿਹਾ ਹੈ, ਜਦੋਂਕਿ ਇਹ ਟ੍ਰੇਨਿੰਗ ਆਨਲਾਈਨ ਜਾਂ ਜ਼ਿਲ੍ਹਾ ਪੱਧਰ ਤੇ ਕਰਵਾਈ ਜਾ ਸਕਦੀ ਹੈ। ਸਾਰੇ ਅਧਿਆਪਕਾਂ ਲਈ ਮੋਹਾਲੀ ਪਹੁੰਚਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਅਧਿਆਪਕਾਂ ਤੋਂ ਨਿੱਜੀ ਜਾਣਕਾਰੀ ਜਿਵੇਂ ਮੋਬਾਈਲ ਨੰਬਰ ਮੰਗੇ ਜਾ ਰਹੇ ਹਨ, ਜਿਸ ਨਾਲ ਖਾਸ ਕਰ ਕੇ ਮਹਿਲਾ ਅਧਿਆਪਕਾਵਾਂ ਅਸਹਿਜ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਸੁਸ਼ੀਲ ਅਗਰਵਾਲ, ਕਮਲਜੋਤ, ਗੌਰਵ ਅਰੋੜਾ, ਪੁਨੀਤ ਗੁਪਤਾ, ਸੁਜੀਤ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਭੱਲਾ, ਸਮੀਰ ਭਾਟੀਆ, ਸ਼ੁਭਮ ਪਿਪਲਾਨੀ, ਅਜੈ ਕਨਵਰ, ਕੁਨਾਲ, ਸੁਮਿਤ ਪੁਰੀ, ਜਤਿੰਦਰ ਵਿਰਕ, ਬਚਿਤ੍ਰ ਸਿੰਘ, ਰੋਹਿਤ ਕੁਮਾਰ, ਯਦਵਿੰਦਰ, ਜਗਜੀਤ ਸਿੰਘ, ਮਹਿਕ ਮਹਾਜਨ, ਸੁਚੇਤਾ ਮਹਿਰਾ, ਕੁਲਵਿੰਦਰ, ਰਿਤੂ ਸ਼ਰਮਾ, ਦਿਨੇਸ਼ ਕਪੂਰ, ਜਤਿੰਦਰਪਾਲ ਸਿੰਘ, ਸੋਹਣ ਸਿੰਘ, ਅਮਰਜੀਤ, ਰਾਜੇਸ਼, ਅਰੁਣ ਮਸੋਤਰਾ, ਅਭਿਸ਼ੇਕ ਪੁਰੀ, ਹਰਸਿਮਰਨ ਸਿੰਘ, ਰਮਾ ਮਹਾਜਨ, ਸੰਜੀਵ ਗੁਲਾਟੀ, ਮੋਹਿਤ ਮਹਾਜਨ ਅਤੇ ਹੀਨਾ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।