ਰਵਨੀਤ ਬਿੱਟੂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੇ, ਸਪੈਸ਼ਲ ਰੇਲਗੱਡੀ ਰਾਹੀਂ ਵਾਪਸੀ
ਰਵਨੀਤ ਸਿੰਘ ਬਿੱਟੂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ, ਸਪੈਸ਼ਲ ਰੇਲਗੱਡੀ ਰਾਹੀਂ ਵਾਪਸੀ
Publish Date: Thu, 14 May 2026 07:30 PM (IST)
Updated Date: Fri, 15 May 2026 04:13 AM (IST)

* ਪ੍ਰਧਾਨ ਮੰਤਰੀ ਦੀ ਪੈਟਰੋਲ ਬਚਾਉਣ ਦੀ ਅਪੀਲ ਅਨੁਸਾਰ ਉਦਾਹਰਣ ਕਾਇਮ ਕੀਤੀ * ਅੰਮ੍ਰਿਤਸਰ-ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਲਈ ਪਹੁੰਚੇ ਸਨ ਅੰਮ੍ਰਿਤਸਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਗਰਿਕਾਂ ਨੂੰ ਪੈਟਰੋਲ ਬਚਾਉਣ ਦੀ ਅਪੀਲ ਤੋਂ ਬਾਅਦ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੀ ਆਪਣੀ ਫੇਰੀ ਦੌਰਾਨ ਇਕ ਪ੍ਰਮੁੱਖ ਉਦਾਹਰਨ ਕਾਇਮ ਕੀਤੀ। ਉਹ ਅੰਮ੍ਰਿਤਸਰ-ਨਿਊਂ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਦਾ ਉਦਘਾਟਨ ਕਰਨ ਲਈ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ, ਪਰ ਦੁਪਹਿਰ 2:15 ਵਜੇ ਪਲੇਟਫਾਰਮ ਨੰਬਰ 1-ਏ ਤੇ ਖੜ੍ਹੀ ਇਕ ਸਪੈਸ਼ਲ ਰੇਲਗੱਡੀ ਰਾਹੀਂ ਸਫ਼ਦਰਜੰਗ (ਨਵੀਂ ਦਿੱਲੀ) ਲਈ ਵਾਪਸ ਪਰਤੇ। ਹਾਲਾਕਿ ਵਾਹਨਾਂ ਦਾ ਇਕ ਵੱਡਾ ਕਾਫ਼ਲਾ ਹਵਾਈ ਅੱਡੇ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਉਨ੍ਹਾਂ ਦੇ ਵਾਹਨ ਦੇ ਪਿੱਛੇ ਆਉਂਦਾ ਰਿਹਾ, ਜਿਸ ’ਚ ਪੁਲਿਸ ਤੇ ਰੇਲਵੇ ਅਧਿਕਾਰੀਆਂ ਦੀਆਂ ਕਾਰਾਂ, ਫਾਇਰ ਬ੍ਰਿਗੇਡ ਤੇ ਇਕ ਐਂਬੂਲੈਂਸ ਸ਼ਾਮਲ ਸੀ। ਅੰਮ੍ਰਿਤਸਰ-ਨਿਊਂ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਮੰਤਰੀ ਤੇ ਵਿਧਾਇਕ ਨੂੰ ਨਾਲ ਲੈ ਕੇ ਦੇਸ਼ ਅਤੇ ਰਾਜਾਂ ਦੇ ਵਿਕਾਸ ਲਈ ਕੰਮ ਕਰਨਾ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਮਾਗਮ ਵਿਚ ਸੱਦਾ ਦਿੱਤਾ ਗਿਆ ਸੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਮੇਰੇ ਵੱਡੇ ਭਰਾ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੁਪਨਾ ਇਹ ਯਕੀਨੀ ਬਣਾਉਣਾ ਸੀ ਕਿ ਮਜ਼ਦੂਰ ਵਰਗ ਅਤੇ ਆਮ ਲੋਕ ਤੇਜ਼ ਰਫ਼ਤਾਰ, ਮਹਿੰਗੀਆਂ ਅਤੇ ਆਧੁਨਿਕ ਰੇਲਗੱਡੀਆਂ ਵਿਚ ਯਾਤਰਾ ਦਾ ਆਨੰਦ ਮਾਣ ਸਕਣ। ਇਸ ਲਈ 2023 ਵਿਚ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਹ ਰੇਲਗੱਡੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਤੇ ਇਕ ਬਟਨ ਲਗਾਇਆ ਗਿਆ ਹੈ; ਐਮਰਜੈਂਸੀ ਦੀ ਸਥਿਤੀ ਵਿਚ ਉਸ ਬਟਨ ਨੂੰ ਦਬਾਉਣ ਨਾਲ ਯਾਤਰੀਆਂ ਦੀ ਮਦਦ ਲਈ ਤੁਰੰਤ ਰੇਲ ਸਟਾਫ ਆ ਜਾਵੇਗਾ। ਇਸ ਤੋਂ ਇਲਾਵਾ ਇਸ ਰੇਲਗੱਡੀ ਵਿਚ ਮੋਬਾਈਲ ਚਾਰਜਰ, ਵਿਸ਼ੇਸ਼ ਸਫਾਈ ਪ੍ਰਬੰਧ ਅਤੇ ਬਹੁਤ ਘੱਟ ਕਿਰਾਏ ਹਨ। ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਟ੍ਰੇਨ ਪਹਿਲੀ ਨੂੰ ਚੱਲੇਗੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਟ੍ਰੇਨ 1 ਜੂਨ ਨੂੰ ਮੁੜ ਸ਼ੁਰੂ ਹੋਵੇਗੀ, ਜਿਸ ਵਿਚ ਜਲੰਧਰ ਛਾਉਣੀ ਦੀ ਬਜਾਏ ਬਟਾਲਾ-ਗੁਰਦਾਸਪੁਰ ਰਾਹੀਂ ਇਕ ਨਵਾਂ ਰੂਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪੁਲ ਤੇ ਕੁਝ ਕੰਮ ਬਾਕੀ ਹੈ। ਨਹੀਂ ਤਾਂ ਸ਼ਰਧਾਲੂਆਂ ਅਤੇ ਜਨਤਾ ਦੀ ਸਹੂਲਤ ਲਈ ਟ੍ਰੇਨ ਅੱਜ ਬਿਨਾਂ ਕਿਸੇ ਦੇਰੀ ਦੇ ਚਾਲੂ ਹੋ ਜਾਂਦੀ। ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ 500 ਕਰੋੜ ਦਾ ਐਲਾਨ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ 500 ਕਰੋੜ ਦਾ ਐਲਾਨ ਕੀਤਾ। ਗੋਲਬਾਗ ਵੱਲ 400 ਕਰੋੜ ਰੁਪਏ ਦੀ ਲਾਗਤ ਨਾਲ ਅੱਗੇ 11 ਮੰਜ਼ਿਲਾ ਇਮਾਰਤ ਅਤੇ ਪਿੱਛੇ 3 ਮੰਜ਼ਿਲਾ ਇਮਾਰਤ ਬਣਾਈ ਜਾਵੇਗੀ। ਪ੍ਰਾਚੀਨ ਇੱਟਾਂ ਦੀ ਵਰਤੋਂ ਕੀਤੀ ਜਾਵੇਗੀ, ਐਸਕੇਲੇਟਰ ਅਤੇ ਲਿਫਟਾਂ ਲਗਾਈਆਂ ਜਾਣਗੀਆਂ, ਪਲੇਟਫਾਰਮ ਦੀਆਂ ਛੱਤਾਂ ਨੂੰ ਬਦਲਿਆ ਜਾਵੇਗਾ, ਇਮਾਰਤ ਨੂੰ ਇਤਿਹਾਸਕ ਛੋਹ ਦਿੱਤੀ ਜਾਵੇਗੀ, ਪਾਰਕਿੰਗ ਦਾ ਵਿਸਥਾਰ ਕੀਤਾ ਜਾਵੇਗਾ ਅਤੇ 5 ਨਵੇਂ ਪਲੇਟਫਾਰਮ ਵੀ ਪ੍ਰਸਤਾਵਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਕਰੋੜ ਰੁਪਏ ਦੀ ਲਾਗਤ ਨਾਲ ਵੰਦੇ ਭਾਰਤ ਐਕਸਪ੍ਰੈਸ ਲਈ ਇਕ ਡਿਪੂ ਬਣਾਇਆ ਜਾਵੇਗਾ। ਪਹਿਲੇ ਦਿਨ 17 ਮਿੰਟ ਦੀ ਦੇਰੀ, 8 ਸਲੀਪਰ ਕੋਚ ’ਚ 540 ਯਾਤਰੀ ਸਵਾਰ ਅਮਮ੍ਰਿਤਸਰ-ਨਿਊਂ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਉਦਘਾਟਨ ਸਮਾਰੋਹ ਕਾਰਨ ਦੁਪਹਿਰ 12:45 ਵਜੇ ਦੇ ਆਪਣੇ ਨਿਰਧਾਰਤ ਸਮੇਂ ਦੀ ਬਜਾਏ ਦੁਪਹਿਰ 1:02 ਵਜੇ ਰਵਾਨਾ ਹੋਇਆ। ਟ੍ਰੇਨ ਦੇ 8 ਸਲੀਪਰ ਕੋਚਾਂ ਵਿਚ 540 ਯਾਤਰੀਆਂ ਨੇ ਯਾਤਰਾ ਕੀਤੀ, ਜਿਸ ਵਿਚ ਸਿਰਫ਼ 100 ਸੀਟਾਂ ਖਾਲੀ ਰਹਿ ਗਈਆਂ। ਇਸ ਤੋਂ ਇਲਾਵਾ 11 ਜਨਰਲ ਕੋਚ ਵੀ ਲਗਭਗ ਭਰੇ ਹੋਏ ਸਨ। ਸਕੂਲੀ ਬੱਚਿਆਂ ਨੇ ਉਦਘਾਟਨ ਸਮਾਰੋਹ ’ਚ ਮਨ ਮੋਹਿਆ ਰੋਜ਼ ਬਡਸ ਸਕੂਲ, ਨੈਸ਼ਨਲ ਚਾਈਲਡ ਐਜੂਕੇਸ਼ਨ ਸੈਂਟਰ ਅਤੇ ਸੇਂਟ ਜੌਨ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਪੰਜਾਬੀ ਅਤੇ ਹਿੰਦੀ ਗੀਤਾਂ ਤੇ ਨੱਚ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਰੋਜ਼ ਬਡਸ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਵੀ ਹਾਜ਼ਰ ਸਨ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਸਟੇਜ ਤੋਂ ਐਲਾਨ ਕੀਤਾ ਕਿ ਉਹ ਹਰੇਕ ਸਕੂਲ ਨੂੰ 5,000-5,000 ਰੁਪਏ ਇਨਾਮ ਦੇਣਗੇੇ। ਇਸ ਸਮਾਰੋਹ ਵਿਚ ਸੀਨੀਅਰ ਭਾਜਪਾ ਆਗੂ ਪ੍ਰੋ. ਲਕਸ਼ਮੀਕਾਂਤ ਚਾਵਲਾ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਭਾਜਪਾ ਆਗੂ ਹਰਜਿੰਦਰ ਸਿੰਘ ਠੇਕੇਦਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਕੌਂਸਲਰ ਡਾ. ਰਾਮ ਚਾਵਲਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੇਬੀਰਪਾਲ ਸਿੰਘ ਰੰਧਾਵਾ, ਭਾਜਪਾ ਆਗੂ ਸੰਜੀਵ ਕੁਮਾਰ, ਕੌਂਸਲਰ ਸ਼ਰੂਤੀ ਵਿਜ, ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੀਵ ਕੁਮਾਰ, ਸੀਨੀਅਰ ਡੀਸੀਐਮ ਬਸੰਤ ਕੁਮਾਰ, ਸਟੇਸ਼ਨ ਮੈਨੇਜਰ ਅਕਸ਼ੈ ਪਠਾਨੀਆ, ਡਿਪਟੀ ਐਸਐਸ (ਵਪਾਰਕ) ਪ੍ਰਦੀਪ ਕੁਮਾਰ ਸਿੰਘ, ਸੀਐਮਓ ਬਲਵਿੰਦਰ ਸਿੰਘ ਗਿੱਲ ਅਤੇ ਨਿਿਤਨ ਕੁਮਾਰ, ਸੀਬੀਐਸ ਸੁਰੇਸ਼ ਕੁਮਾਰ, ਸੀਪੀਐਸ ਵਿਵੇਕ ਮਹਾਜਨ, ਜ਼ਿਲ੍ਹਾ ਪੁਲਿਸ, ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ। ਸਪੈਸ਼ਲ ਰੇਲ ਅੰਦਰ ਬਿੱਟੂ ਤੇ ਕੁੰਵਰ ਵਿਚਕਾਰ ਹੋਈ 10 ਮਿੰਟ ਗੱਲਬਾਤ ਉਦਘਾਟਨ ਸਮਾਰੋਹ ਤੋਂ ਬਾਅਦ ਜਿਵੇਂ ਹੀ ਰੇਲਵੇ ਰਾਜ ਮੰਤਰੀ ਪਲੇਟਫਾਰਮ ਨੰਬਰ 1-ਏ ਤੇ ਖੜੀ ਵਿਸ਼ੇਸ਼ ਰੇਲਗੱਡੀ ਵੱਲ ਵਧੇ, ਤਾਂ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਪਹੁੰਚੇ। ਫਿਰ ਬਿੱਟੂ ਅਤੇ ਕੁੰਵਰ ਨੇ ਰੇਲਗੱਡੀ ਦੇ ਅੰਦਰ 10 ਮਿੰਟ ਦੀ ਗੱਲਬਾਤ ਕੀਤੀ। ਭਾਜਪਾ ਆਗੂ ਹਰਜਿੰਦਰ ਸਿੰਘ ਠੇਕੇਦਾਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਉਨ੍ਹਾਂ ਨਾਲ ਰੇਲਗੱਡੀ ਵਿਚ ਮੌਜੂਦ ਸਨ। ਸਿਰਫ਼ ਉਹੀ ਆਗੂ ਹੀ ਜਾਣ ਸਕਦੇ ਹਨ ਕਿ ਉਨ੍ਹਾਂ ਵਿਚਕਾਰ ਕੀ ਗੱਲ ਹੋਈ। ਹਾਲਾਕਿ ਇਸ ਘਟਨਾਕ੍ਰਮ ਨੇ ਰਾਜਨੀਤਕ ਉਲਝਣ ਪੈਦਾ ਕਰ ਦਿੱਤੀ ਹੈ। ਸਿਆਸੀ ਗਲਿਆਰੇ ਵਿਚ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ। ਸਮਾਰੋਹ ਦੇ ਵਿਚਾਲੇ ਪ੍ਰੋ. ਚਾਵਲਾ ਕੋਲ ਪਹੁੰਚੇ ਬਿੱਟੂ ਤੇ ਫਿਰ ਉਨ੍ਹਾਂ ਨੂੰ ਸਟੇਜ ਤੇ ਬਿਠਾਇਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਉਦਘਾਟਨ ਸਮਾਰੋਹ ਦੌਰਾਨ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਸਤਿਕਾਰ ਅਤੇ ਸਾਦਗੀ ਦੀ ਇਕ ਉਦਾਹਰਣ ਕਾਇਮ ਕੀਤੀ। ਦੁਪਹਿਰ 12:15 ਵਜੇ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਉਹ ਸਟੇਜ ਤੇ ਜਾਣ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਮਿਲੇ। ਸਮਾਰੋਹ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਸੀਨੀਅਰ ਭਾਜਪਾ ਨੇਤਾ ਪ੍ਰੋ. ਲਕਸ਼ਮੀਕਾਂਤ ਚਾਵਲਾ ਨੂੰ ਵੀਆਈਪੀ ਗੈਲਰੀ ਵਿਚ ਇਕ ਸੋਫੇ ਤੇ ਬੈਠੇ ਦੇਖਿਆ। ਉਹ ਸਮਾਰੋਹ ਦੇ ਵਿਚਕਾਰ ਉਨ੍ਹਾਂ ਕੋਲ ਗਏ, ਉਨ੍ਹਾਂ ਨੂੰ ਸਟੇਜ ਤੇ ਲਿਆਏ ਅਤੇ ਉਨ੍ਹਾਂ ਨੂੰ ਆਪਣੇ ਕੋਲ ਇਕ ਕੁਰਸੀ ਤੇ ਬਿਠਾ ਦਿੱਤਾ।