ਮੋਦੀ ਸਰਕਾਰ ਨੇ ਸੋਨਾ-ਚਾਂਦੀ ਕੀਤਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ : ਬਰਾੜ
ਮੋਦੀ ਸਰਕਾਰ ਨੇ ਸੋਨਾ-ਚਾਂਦੀ ਕੀਤਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ, ਛੋਟੇ ਕਾਰੋਬਾਰੀ ਪ੍ਰਭਾਵਿਤ : ਬਰਾੜ
Publish Date: Thu, 14 May 2026 06:10 PM (IST)
Updated Date: Fri, 15 May 2026 04:07 AM (IST)

ਫੋਟੋ-16 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ-ਅੰਮ੍ਰਿਤਸਰ ਸ਼ਹਿਰ ਦੇ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ, ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ‘ਤੇ ਇੰਪੋਰਟ ਟੈਰਿਫ (ਆਯਾਤ ਡਿਊਟੀ ਅਤੇ ਐਗਰੀਕਲਚਰ ਸੈੱਸ) 6 ਫੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਦੇ ਅਨਾਊਂਸ ਹੋਣ ਨਾਲ ਸੋਨਾ ਵਿਚ 11,055 ਰੁਪਏ ਅਤੇ ਚਾਂਦੀ ਵਿਚ 22,367 ਰੁਪਏ ਵਾਧਾ ਦਰਜ ਕੀਤਾ ਗਿਆ। ਸੋਨਾ-ਚਾਂਦੀ ਮਹਿੰਗੀ ਹੋਣ ਨਾਲ ਆਮ ਲੋਕਾਂ ਦੇ ਹੋਸ਼ ਉੱਡ ਗਏ ਹਨ ਅਤੇ ਇਹ ਕੀਮਤੀ ਧਾਤਾਂ ਹੁਣ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਸਰਕਾਰ ਦਾ ਦਲੀਲ ਹੈ ਕਿ ਇਸ ਫੈਸਲੇ ਨਾਲ ਸੋਨੇ ਦੀ ਦਰਾਮਦ ਘਟੇਗੀ ਅਤੇ ਚਾਲੂ ਖਾਤਾ ਘਾਟਾ ਕਾਬੂ ਵਿਚ ਆਵੇਗਾ, ਨਾਲ ਹੀ ਡਿੱਗਦੇ ਰੁਪਏ ਨੂੰ ਸਹਾਰਾ ਮਿਲੇਗਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੀ ਰੱਖਿਆ ਹੋਵੇਗੀ ਪਰ ਹਕੀਕਤ ਇਹ ਹੈ ਕਿ ਇਸ ਦਾ ਸਿੱਧਾ ਬੋਝ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ‘ਤੇ ਪੈ ਰਿਹਾ ਹੈ। ਬਰਾੜ ਨੇ ਕਿਹਾ ਕਿ ਐਮਸੀਐਕਸ ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਬਣਾਏ ਹਨ। ਇੰਪੋਰਟ ਡਿਊਟੀ ਵਧਾਉਣ ਕਾਰਨ ਚਾਂਦੀ ਦੀ ਕੀਮਤ 3,01,429 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨਾ 1,64,497 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਪਹੁੰਚ ਗਿਆ, ਜਦਕਿ ਬੀਤੇ ਦਿਨ ਸੋਨਾ 1,53,442 ਅਤੇ ਚਾਂਦੀ 2,79,062 ਰੁਪਏ ’ਤੇ ਬੰਦ ਹੋਈ ਸੀ। ਕੀਮਤਾਂ ਵਿਚ ਆਏ ਇਸ ਤੇਜ਼ ਵਾਧੇ ਨਾਲ ਬਾਜ਼ਾਰ ਵਿੱਚ ਖਰੀਦਾਰੀ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਰੀਬ 50 ਲੱਖ ਕਾਰੀਗਰ ਸੁਨਿਆਰੇ ਦੇ ਕੰਮ ਨਾਲ ਜੁੜੇ ਹੋਏ ਹਨ ਅਤੇ ਵਪਾਰ ਘਟਣ ਕਾਰਨ ਉਨ੍ਹਾਂ ਦੇ ਰੋਜ਼ਗਾਰ ‘ਤੇ ਗੰਭੀਰ ਸੰਕਟ ਖੜਾ ਹੋ ਗਿਆ ਹੈ। ਛੋਟੇ ਕਾਰੀਗਰ ਅਤੇ ਗਹਿਣਾ ਵਪਾਰੀ ਆਰਥਿਕ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ ਅਤੇ ਕਈ ਦੁਕਾਨਾਂ ਬੰਦ ਹੋਣ ਦੇ ਕਿਨਾਰੇ ’ਤੇ ਹਨ। ਪ੍ਰਭਬੀਰ ਸਿੰਘ ਬਰਾੜ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਟੈਕਸਾਂ ਦੀ ਸਮੀਖਿਆ ਕਰੇ, ਮਹਿੰਗਾਈ ‘ਤੇ ਕਾਬੂ ਪਾਉਣ ਲਈ ਢੁੱਕਵੇਂ ਕਦਮ ਚੁੱਕੇ ਅਤੇ ਕਾਰੀਗਰਾਂ ਤੇ ਛੋਟੇ ਕਾਰੋਬਾਰੀਆਂ ਲਈ ਰਾਹਤ ਪੈਕੇਜ ਦਾ ਐਲਾਨ ਕਰੇ ਤਾਂ ਜੋ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਆਮ ਲੋਕਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੇਗੀ।