ਦਮਦਮੀ ਟਕਸਾਲ ਨੇ ਪਿੰਡ ਖਲੈਹਿਰਾ ’ਚ ਸਜਾਏ ਸ਼ਹੀਦੀ ਦੀਵਾਨ
ਦਮਦਮੀ ਟਕਸਾਲ ਨੇ ਪਿੰਡ ਖਲੈਹਿਰਾ ਵਿਖੇ ਸਜਾਏ ਸ਼ਹੀਦੀ ਦੀਵਾਨ
Publish Date: Thu, 14 May 2026 06:00 PM (IST)
Updated Date: Fri, 15 May 2026 04:07 AM (IST)

ਫੋਟੋ-14 ਫੋਟੋ ਕੈਪਸਨ - ਸਮਾਗਮ ਦੌਰਾਨ ਕਥਾ ਵਿਚਾਰ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ। ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਂਕ ਮਹਿਤਾ : ਜੂਨ 84 (ਤੀਸਰਾ ਘੱਲੂਘਾਰਾ) ਦੌਰਾਨ ਮਰਨ ਵਾਲਿਆਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਵੱਖ-ਵੱਖ ਨਗਰਾਂ ’ਚ ਰੋਜ਼ਾਨਾ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿੰਡ ਖਲੈਹਿਰਾ ਦੇ ਗੁਰੁਦਆਰਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਦੀਵਾਨ ਸਜਾਏ ਗਏ। ਜਿਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਚੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸਬੰਧਤ ਪਾਵਨ ਇਤਹਾਸ ਦੀ ਲੜੀਵਾਰ ਕਥਾ ਸਰਵਨ ਕਰਵਾਈ। ਇਸ ਸਮੇਂ ਪੋਥੀ ਦੇ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਖਾਲਸਾ ਨੇ ਨਿਭਾਈ ਤੇ ਸਟੇਜ ਦਾ ਸੰਚਾਲਨ ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਨੇ ਕੀਤਾ। ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਦੇ ਜਥੇ ਨੇ ਰਸਮਈ ਕੀਰਤਨ ਸਰਵਣ ਕਰਵਾਇਆ। ਅਖੀਰ ’ਚ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਸਤਿਕਾਰ ’ਚ ਦੁਸ਼ਾਲਾ ਭੇਟ ਕੀਤਾ ਗਿਆ। ਜਿਕਰਯੋਗ ਹੈ ਕਿ 31 ਮਈ ਨੂੰ ਇਨ੍ਹਾਂ ਸ਼ਹੀਦੀ ਦੀਵਾਨਾਂ ਦੀ ਸਮਾਪਤੀ ਹੋਵੇਗੀ। ਉਪਰੰਤ 1 ਤੋਂ 5 ਜੂਨ ਤਕ ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਹਫਤੇ ਦੌਰਾਨ ਦੌਰਾਨ ਰੋਜਾਨਾ ਸ਼ਾਮ 4 ਤੋਂ 6 ਵਜੇ ਤੱਕ ਕਥਾ ਕੀਰਤਨ ਦਾ ਨਿਰੰਤਰ ਪ੍ਰਵਾਹ ਚਲੇਗਾ। 6 ਜੂਨ ਨੂੰ 42ਵਾਂ ਮੁੱਖ ਤੇ ਮਹਾਨ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ, ਜਿਸ ਦੌਰਾਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਲਾਮਿਸਾਲ ਪੰਥਕ ਇਕੱਠ ਹੋਵੇਗਾ ਅਤੇ ਪ੍ਰਮੁੱਖ ਧਾਰਮਿਕ ਹਸਤੀਆਂ ਤੇ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। ਇਸ ਮੌਕੇ ਜਥੇ. ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਜਥੇ. ਬਾਬਾ ਬੋਹੜ ਸਿੰਘ, ਗਿਆਨੀ ਗੁਰਬਾਜ ਸਿੰਘ, ਗਿਆਨੀ ਸਾਹਿਬ ਸਿੰਘ, ਪਿ੍ੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਭਾਈ ਜੁਝਾਰ ਸਿੰਘ, ਭਾਈ ਪ੍ਰਭਜੀਤ ਸਿੰਘ ਤੇ ਭਾਈ ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।