ਰੋਸ ਮਾਰਚ ਦੌਰਾਨ ਮੁੱਖ ਮੰਤਰੀ ਯਾਤਰਾ ਯੋਜਨਾ ਬੱਸ ਰੋਕ ਕੇ ਕੀਤਾ ਵਿਖਾਵਾ
ਰੋਸ ਮਾਰਚ ਦੌਰਾਨ ਮੁੱਖ ਮੰਤਰੀ ਯਾਤਰਾ ਯੋਜਨਾ ਬੱਸ ਰੋਕ ਕੇ ਕੀਤਾ ਰੋਸ ਵਿਖਾਵਾ
Publish Date: Wed, 13 May 2026 07:27 PM (IST)
Updated Date: Thu, 14 May 2026 04:12 AM (IST)

* ਜੀਐੱਨਡੀਯੂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਤੇ ਪਿੱਟ ਸਿਆਪਾ ਫੋਟੋ-31 ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਵੱਲੋਂ ਆਪਣੀ ਸਮੁੱਚੀ ਕਾਰਜਸ਼ੈਲੀ ਠੱਪ ਕਰ ਕੇ ਰੋਸ ਮਾਰਚ ਦਾ ਆਯੋਜਨ ਕਰ ਕੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿੱਟ ਸਿਆਪਾ ਕੀਤਾ ਤੇ ਜੋਸ਼ੀਲੀਆਂ ਤਕਰੀਰਾਂ ਰਾਹੀਂ ਖੂਬ ਦਿਲ ਦੀ ਭੜਾਸ ਕੱਢੀ। ਇਸ ਦੌਰਾਨ ਰੋਸ ਮਾਰਚ ’ਚ ਸ਼ਾਮਲ ਸਮੁੱਚੇ ਮਹਿਲਾ-ਪੁਰਸ਼ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਇਸ ਸਿਲਸਿਲੇ ਦੇ ਅਖੀਰਲੇ ਪਲਾਂ ਦੌਰਾਨ ਜੀਐੱਨਡੀਯੂ ਦੇ ਮੁੱਖ ਗੇਟ ਤੇ ਬਾਹਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬੱਸ ਨੂੰ ਰੋਕ ਕੇ ਜ਼ਬਰਦਸਤ ਰੋਸ ਵਿਖਾਵੇ ਦੇ ਨਾਲ-ਨਾਲ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸਮੁੱਚੇ ਕਰਮਚਾਰੀ ਤੇ ਅਧਿਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਦੀ ਅਗਵਾਈ ’ਚ ਪ੍ਰਬੰਧਕੀ ਬਲਾਕ ਦੇ ਬਾਹਰ ਇਕੱਠੇ ਹੋਏ ਤੇ ਫਿਰ ਇਕ ਕਾਫਲੇ ਦੇ ਰੂਪ ’ਚ ਵੱਖ-ਵੱਖ ਵਿਭਾਗਾਂ ਤੋਂ ਹੁੰਦੇ ਹੋਏ ਮੁੱਖ ਗੇਟ ਦੇ ਰਾਹੀਂ ਪ੍ਰਬੰਧਕੀ ਵਿਭਾਗ ਵਿਖੇ ਪੁੱਜ ਕੇ ਇਹ ਰੋਸ ਮਾਰਚ ਪੂਰਾ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੀ ਨਾਕਸ ਕਾਰਜਸ਼ੈਲੀ ਤੋਂ ਸਤਾਏ ਹੋਏ ਮੁਲਾਜ਼ਮਾ ਅਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਈ ਤਰ੍ਹਾਂ ਦੇ ਸੰਗੀਨ ਦੋਸ਼ਾਂ ਦੇ ਕਟਿਹਰੇ ਵਿੱਚ ਸਮੁੱਚੀਆਂ ਸਰਕਾਰੀ ਧਿਰਾਂ ਨੂੰ ਲਿਆ ਕੇ ਖੜਾ ਕਰ ਦਿੱਤਾ। ਜਿਸ ਦਾ ਸਾਰਿਆਂ ਵੱਲੋਂ ਦੋਨੋਂ ਹੱਥ ਖੜੇ ਕਰਕੇ ਸਮੱਰਥਣ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਜੀਐਨਡੀਯੂ ਨਾਨਖ਼ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਮੁਲਾਜ਼ਮਾ ਦੀਆਂ ਚਿਰੌਕਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਰੋਸ ਮਾਰਚ, ਰੋਸ ਵਿਖਾਵਾ ਤੇ ਰੋਸ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਜ਼ੰਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੇ ਸ਼ਾਂਤ, ਸਾਫ ਸੁੱਥਰੇ ਤੇ ਹਰੇ ਭਰੇ ਵਿੱਦਿਅਕ ਮਾਹੌਲ ਨੂੰ ਨਾਂ ਤਾਂ ਗ੍ਰਹਿਣ ਲੱਗਣ ਦੇਣਾ ਚਾਹੁੰਦੇ ਹਨ ਤੇ ਨਾ ਹੀ ਅਨੁਸ਼ਾਸ਼ਨ ਭੰਗ ਹੋਣ ਦੇਣਾ ਚਾਹੁੰਦੇ ਹਨ। ਇਹ ਸਿਲਸਿਲਾ ਉਨ੍ਹਾਂ ਦੀ ਮਜ਼ਬੂਰੀ ਹੈ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਤਵੱਜੋ ਨਾ ਦਿੱਤੀ ਤਾਂ ਉਨ੍ਹਾਂ ਨੂੰ ਲੰਮੇ ਤੇ ਤਿੱਖੇ ਸੰਘਰਸ਼ ਤੇ ਘੋਲ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਨੂੰ ਰੋਕ ਕੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਵਿਚ ਰੋਸ ਮਾਰਚ ਵਿਚ ਸ਼ਾਮਲ ਅਧਿਕਾਰੀ ਤੇ ਕਰਮਚਾਰੀ ਸਫਲ ਰਹੇ। ਇਸ ਮੌਕੇ ਸਕੱਤਰ ਰਜਿੰਦਰ ਸਿੰਘ, ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਰੇਸ਼ਮ ਸਿੰਘ ਢਿੱਲੋਂ, ਭੋਮਾ ਰਾਮ, ਵੀਰ ਸਿੰਘ, ਜਸਪਾਲ ਸਿੰਘ, ਬਲਜੀਤ ਕੌਰ, ਰੋਹਿਤ ਭਾਟੀਆ ਆਦਿ ਹਾਜ਼ਰ ਸਨ।