ਨਿਵੇਕਲੀ ਯੂਨੀਵਰਸਿਟੀ ਤੋਂ ਰੁਜ਼ਗਾਰ ਹਾਸਲ ਕਰਕੇ ਨਿਕਲਣਗੇ ਵਿਦਿਆਰਥੀ: ਡਾ. ਸੰਦੀਪ ਸਿੰਘ ਕੌੜਾ

* ਵਿਦਿਆਰਥੀਆਂ ਤੋਂ ਨਹੀਂ ਲਈ ਜਾਵੇਗੀ ਕੋਈ ਫੀਸ
ਫੋਟੋ-18
ਕੈਪਸ਼ਨ : ਸੇਂਟ ਸੋਲਜਰ ਇਲੀਟ ਸਕੂਲ ਜੰਡਿਆਲਾ ਗੁਰੂ ਦੇ ਆਡੋਟੋਰੀਅਮ ਵਿਖੇ ਭਾਈ ਇਕੱਠ ਦੌਰਾਨ ਮੁੱਖ ਸ਼ਖ਼ਸੀਅਤਾਂ ਡਾ. ਮੰਗਲ ਸਿੰਘ ਕਿਸਨਪੁਰੀ,ਡਾ. ਸੰਦੀਪ ਸਿੰਘ ਕੌੜਾ, ਡਾ. ਅਮਰਪ੍ਰੀਤ ਕੌਰ ਤੇ ਹੋਰ ।
ਗੁਰਪ੍ਰੀਤ ਚੰਦੀ/ਕੁਲਦੀਪ ਭੁੱਲਰ, ਪੰਜਾਬੀ ਜਾਗਰਣ
ਜੰਡਿਆਲਾ ਗੁਰੂ : ਕੰਬੋਜ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਸਥਾਪਿਤ ਕੀਤੀ ਜਾ ਰਹੀ ਨਿਵੇਕਲੀ ਯੂਨੀਵਰਸਿਟੀ ਦੇ ਹੱਕ ਵਿਚ ਗੁਰੂ ਨਗਰੀ ਅੰਮ੍ਰਿਤਸਰ ਤੋਂ ਜ਼ੋਰਦਾਰ ਅਵਾਜ਼ ਉੱਠੀ। ਮੰਗ ਕੀਤੀ ਗਈ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਯੂਨੀਵਰਸਿਟੀ ਦਾ ਸੰਵਿਧਾਨ ਪਾਸ ਕਰੇ। ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੇ ਆਡੋਟੋਰੀਅਮ ’ਚ ਭਾਰੀ ਇਕੱਠ ਨੇ ‘ਮਿਸ਼ਨ 31 ਜੁਲਾਈ’ ਦਾ ਨਾਅਰਾ ਬੁਲੰਦ ਕੀਤਾ। ਫਾਊਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੰਬੋਜ ਭਾਈਚਾਰੇ ਦਾ ਵਫ਼ਦ ਪੰਜਾਬ ਦੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨੂੰ ਮਿਲ ਕੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਜਾ ਰਹੀ ਯੂਨੀਵਰਸਿਟੀ ਦਾ ਐਲਾਨ ਸਰਕਾਰ ਨੇ ਕੀਤਾ ਹੈ। ਦੇਸ਼ ਵਿਚ ਭਾਵੇਂ 1,200 ਯੂਨੀਵਰਸਿਟੀਆਂ ਕੰਮ ਕਰ ਰਹੀਆਂ ਹਨ, ਪਰ ਇਹ ਯੂਨੀਵਰਸਿਟੀ ਇਸ ਪੱਖੋਂ ਨਿਵੇਕਲੀ ਹੋਵੇਗੀ ਕਿ ਇੱਥੇ ਪੜ੍ਹਣ ਵਾਲੇ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਜਿਸ ਵਿਦਿਆਰਥੀ ਦੀ ਡਿਗਰੀ 'ਤੇ ਸ਼ਹੀਦ ਊਧਮ ਸਿੰਘ ਦਾ ਨਾਮ ਲਿਿਖਆ ਹੋਵੇਗਾ, ਉਹ ਰੁਜ਼ਗਾਰ ਪ੍ਰਾਪਤ ਕਰਕੇ ਹੀ ਇੱਥੋਂ ਬਾਹਰ ਨਿਕਲੇਗਾ। ਡਾ. ਕੌੜਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਫੀਸ ਦਾ ਭੁਗਤਾਨ ਸਰਕਾਰ ਤੇ ਉਦਯੋਗ ਜਗਤ ਵੱਲੋਂ ਕੀਤਾ ਜਾਵੇਗਾ। ਯੂਨੀਵਰਸਿਟੀ ਦਾ ਢਾਂਚਾ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਹਰ ਵਰਗ ਤੇ ਹਰ ਭਾਈਚਾਰੇ ਦੇ ਬੱਚੇ ਇੱਥੇ ਸਿੱਖਿਆ ਹਾਸਲ ਕਰ ਸਕਣਗੇ। ਜਗਦੀਪ ਸਿੰਘ ਮਹਿਰੋਕ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਸੰਵਿਧਾਨ ਲਿਿਖਆ ਜਾ ਚੁੱਕਿਆ ਹੈ ਅਤੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁਭਾਨਪੁਰ ਵਿਖੇ ਯੂਨੀਵਰਸਿਟੀ ਲਈ ਤਿਆਰ ਕੈਂਪਸ ਮਿਲ ਚੁੱਕਿਆ ਹੈ। ਡਾ. ਮੰਗਲ ਸਿੰਘ ਨੇ ਕਿਹਾ ਕਿ ਕਿਉਂਕਿ ਇਹ ਯੂਨੀਵਰਸਿਟੀ ਕੰਬੋਜ ਭਾਈਚਾਰੇ ਵੱਲੋਂ ਬਣਾਈ ਜਾ ਰਹੀ ਹੈ, ਇਸ ਲਈ ਦਾਖਲਿਆਂ ਤੇ ਭਰਤੀਆਂ ਸਮੇਂ ਕੰਬੋਜ ਭਾਈਚਾਰੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਿਸ਼ੇਸ਼ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਨਆਰਆਈ ਭਾਈਚਾਰੇ ਵੱਲੋਂ ਵੀ ਵੱਡੇ ਪੱਧਰ 'ਤੇ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਲੋਕਾਂ ਨੇ ਯੂਨੀਵਰਸਿਟੀ ਦੇ ਕੰਮ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਮਾਗਮ ਵਿਚ ਪ੍ਰੋਫੈਸਰ ਸੂਬਾ ਸਿੰਘ, ਮਾਨ ਸਿੰਘ ਧੰਮ, ਪ੍ਰਧਾਨ ਕੰਬੋਜ ਸਭਾ ਪੰਜਾਬ, ਕਿਰਪਾਲ ਸਿੰਘ ਰਾਮ ਦੀਵਾਲੀ, ਚੇਅਰਮੈਨ ਅਰਜਨ ਸਿੰਘ ਬੋਹੜੂ, ਇੰਜ ਕੁੱਲਵਿੰਦਰ ਸਿੰਘ ਜੱਜ, ਰਜਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਨਵਾਂ ਕੋਟ, ਜਗਦੀਪ ਥਿੰਦ, ਜੋਗਾ ਸਿੰਘ ਧੰਜੂ, ਅਮੋਲਕ ਸਿੰਘ ਜੰਮੂ, ਗੁਰਿੰਦਰ ਸਿੰਘ ਜੰਮੂ, ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ, ਸਵਿੰਦਰ ਕੌਰ ਥਿੰਦ, ਰਜਿੰਦਰ ਹਾਂਡਾ, ਜਗਤਾਰ ਸਿੰਘ ਧੰਜੂ, ਜਗਦੀਸ਼ ਥਿੰਦ, ਮੁਹੰਮਦ ਸ਼ਬੀਰ ਬਿੱਲੂ, ਪ੍ਰਿੰਸੀਪਲ ਆਸ਼ੂਤੋਸ਼, ਸੁਖਦੇਵ ਸਿੰਘ ਚੰਦੀ, ਜਥੇਦਾਰ ਦਲਬੀਰ ਸਿੰਘ, ਅਨੋਖ ਸਿੰਘ ਸਰਪੰਚ, ਹਰਜਿੰਦਰ ਸਿੰਘ ਸਰਪੰਚ, ਲਖਵਿੰਦਰ ਸਿੰਘ ਸਾਹਿਬ, ਸਰਪੰਚ ਸੁਖਵਿੰਦਰ ਸਿੰਘ ਸ਼ਾਹਪੁਰ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।