ਏਡੀਸੀਪੀ ਨੇ ਪੜ੍ਹਾਇਆ ਟ੍ਰੈਫਿਕ ਨਿਯਮਾਂ ਦਾ ਪਾਠ
ਏਡੀਸੀਪੀ ਨੇ ਪੜ੍ਹਾਇਆ ਟ੍ਰੈਫਿਕ ਰੂਲਾਂ ਦਾ ਪਾਠ
Publish Date: Wed, 13 May 2026 06:31 PM (IST)
Updated Date: Thu, 14 May 2026 04:07 AM (IST)

ਫੋਟੋ-33 ਕੈਪਸ਼ਨ : ਭੀੜ ਨੂੰ ਘਟਾਉਣ ਤੇ ਟ੍ਰੈਫਿਕ ਨਿਯਮਾਂਵਲੀ ਦੀ ਪਾਲਣਾ ਨੂੰ ਲੈ ਕੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਏਡੀਸੀਪੀ ਅਮਨਦੀਪ ਕੌਰ ਨਾਲ ਹਨ ਇੰਸਪੈਕਟਰ ਨਵਰੀਤ ਕੌਰ, ਜੋਨ ਇੰਚਾਰਜ ਜਸਪਾਲ ਸਿੰਘ ਸੰਧੂ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਗਰੀ ਨੂੰ ਜਾਮ ਤੇ ਭੀੜ ਮੁਕਤ ਕਰਨ ਦੇ ਨਾਲ-ਨਾਲ ਇਸ ਦੀ ਸੜਕੀ ਦਿੱਖ ਨੂੰ ਸੰਵਾਰਨ ਤੇ ਆਕਰਸ਼ਕ ਬਣਾਉਣ ਦੇ ਮੰਤਵ ਨਾਲ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਖੁਦ ਸੜਕਾਂ ਤੇ ਬਜ਼ਾਰਾਂ ’ਚ ਨਿਕਲੇ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂਵਲੀ ਤੇ ਕਾਇਦੇ ਕਾਨੂੰਨਾਂ ਦਾ ਪਾਠ ਪੜ੍ਹਾਇਆ। ਸਿਖਰ ਦੁਪਹਿਰ ਤੇ ਅੱਤ ਦੀ ਗਰਮੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੌਕ ’ਚ ਲੱਗੀਆਂ ਸਿਗਨਲ ਲਾਈਟਾਂ ਦੀ ਜਾਣਕਾਰੀ ਤੇ ਇਸ ਦੇ ਨਾਲ ਚੱਲਣ ਤੇ ਰੁੱਕਣ ਦਾ ਗਿਆਨ ਏਡੀਸੀਪੀ ਟ੍ਰੈਫਿਕ ਵੱਲੋਂ ਵੰਡਿਆ ਗਿਆ। ਜਦਕਿ ਯੂਟੀ ਮਾਰਕੀਟ ਸਾਹਮਣੇ ਪਾਸੇ ਤੋਂ ਲੰਘਣ ਵਾਲੀ ਸਰਵਿਸ ਮਾਰਗ ’ਚ ਲੱਗੀਆਂ ਰਾਜਨੀਤਿਕ ਸ਼ਹਿ ਵਾਲੀਆਂ ਤੇ ਜਾਇਜ਼-ਨਾਜਾਇਜ਼ ਰੇਹੜੀਆਂ ਤੇ ਹੋਰ ਵਾਹਨਾਂ ਨੂੰ ਨਗਰ ਨਿਗਮ ਅਧਿਕਾਰੀਆਂ ਦੇ ਸਹਿਯੋਗ ਨਾਲ ਪਾਸੇ ਹਟਾਇਆ ਗਿਆ। ਇਸ ਦੌਰਾਨ ਬੇਸ਼ੱਕ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਬਹੁਤਾ ਖੁੱਲ ਕੇ ਦੱਸਣ ਤੋਂ ਪ੍ਰਹੇਜ ਕੀਤਾ ਗਿਆ, ਪਰ ਰਾਜਨੀਤਿਕ ਸ਼ਹਿ ਤੇ ਗੈਰ ਸੰਵਿਧਾਨਿਕ ਤਰੀਕੇ ਨਾਲ ਲੱਗੀਆਂ ਰੇੜ੍ਹੀਆਂ ਤੇ ਹੋਰਨਾ ਵਾਹਨਾਂ ਦੇ ਮਾਲਕਾਂ ਵੱਲੋਂ ਪਾਜ ਉਦੇੜਦਿਆਂ ਸੱਚਾਈ ਸਾਹਮਣੇ ਰੱਖ ਦਿੱਤੀ। ਜਿਸ ਤੋਂ ਇੱਕ ਗੱਲ ਸਾਫ ਸ਼ਪੱਸ਼ਟ ਤੌਰ ਤੇ ਸਾਹਮਣੇ ਆਈ ਕਿ ਇਸ ਭੀੜ ਤੇ ਜਾਮਾ ਦੇ ਲਈ ਸਿੱਧੇ ਤੌਰ ਤੇ ਰਾਜਨੀਤਿਕ ਸੱਤਾ ਦਾ ਨਿੱਘ ਮਾਣ ਰਹੇ ਰਾਜਨੀਤਕ ਆਗੂ ਜ਼ਿੰਮੇਵਾਰ ਹਨ। ਦੁਕਾਨਦਾਰਾਂ ਤੇ ਦਿਹਾੜੀਦਾਰਾਂ ਦੇ ਘਮੰਡੀ ਬੋਲਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖਰਾ ਕਰਕੇ ਰੱਖ ਦਿੱਤਾ। ਨਗਰ ਨਿਗਮ ਤੇ ਟ੍ਰੈਫਿਕ ਵਿੰਗ ਦੀ ਇਸ ਸਾਂਝੀ ਕਾਰਵਾਈ ਦੇ ਦੌਰਾਨ ਦੋਵਾਂ ਧਿਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਿਨ੍ਹਾਂ ਕਿਸੇ ਦਬਦਬਾ ਦੇ ਬਾਖੂਬੀ ਨਿਭਾਇਆ। ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਤੇ ਸ਼ਹਿਰ ਦੇ ਵਿੱਚ ਵਿਅਕਤੀ ਵਿਸ਼ੇਸ਼ਾਂ ਤੇ ਸੈਲਾਨੀਆਂ ਦੀ ਆਵਾਜਾਈ ਹੈ ਤੇ ਇਸ ਅੰਮ੍ਰਿਤਸਰ ਲਾਹੌਰ ਕੌਮਾਂਤਰੀ ਮੇਨ ਰੋਡ ਦੇ ਉੱਪਰ ਪੈਂਦੇ ਚੌਂਕਾਂ ਚੁਰਾਹਿਆਂ, ਬਜ਼ਾਰਾਂ ਨੂੰ ਭੀੜ ਤੇ ਜਾਮ ਮੁਕਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਇੰਸਪੈਕਟਰ ਨਵਰੀਤ ਕੌਰ, ਪਰਮਜੀਤ ਸਿੰਘ, ਏਐਸਆਈ ਮੰਗਲ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।